ਵਾਸ਼ਿੰਗਟਨ (ਏਜੰਸੀਆਂ) : ਸਾਰੀਆਂ ਅਟਕਲਾਂ 'ਤੇ ਰੋਕ ਲਗਾਉਂਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਪਰੀਮ ਕੋਰਟ ਦੀ ਜੱਜ ਰੂਥ ਬੇਡਰ ਗਿੰਸਬਰਗ ਦੇ ਦੇਹਾਂਤ ਨਾਲ ਖ਼ਾਲੀ ਹੋਏ ਅਹੁਦੇ ਲਈ ਜੱਜ ਏਮੀ ਕੋਨੇ ਬੈਰੇਟ ਨੂੰ ਨਾਮਜ਼ਦ ਕੀਤਾ ਹੈੇ। 48 ਸਾਲਾਂ ਦੀ ਬੈਰੇਟ ਇਸ ਸਮੇਂ ਸੱਤਵੇਂ ਸਰਕਿਟ ਕੋਰਟ ਆਫ ਅਪੀਲਜ਼ ਦੀ ਜੱਜ ਹੈ। ਇਸ ਅਹੁਦੇ ਲਈ ਵੀ ਟਰੰਪ ਨੇ ਹੀ 2017 'ਚ ਉਨ੍ਹਾਂ ਨੂੰ ਨਾਮਜ਼ਦ ਕੀਤਾ ਸੀ।

ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਇਸ ਦਾ ਐਲਾਨ ਕੀਤਾ। ਟਰੰਪ ਨੇ ਕਿਹਾ ਕਿ ਅੱਜ ਮੈਨੂੰ ਇਹ ਸਨਮਾਨ ਮਿਲਿਆ ਹੈ ਕਿ ਮੈਂ ਆਪਣੇ ਦੇਸ਼ ਦੀ ਸਭ ਤੋਂ ਸੂਝਵਾਨ ਅਤੇ ਕਾਨੂੰਨ ਦੀ ਡੂੰਘੀ ਸੋਚ ਰੱਖਣ ਵਾਲੀ ਸ਼ਖ਼ਸੀਅਤ ਨੂੰ ਸੁਪਰੀਮ ਕੋਰਟ ਲਈ ਨਾਮਜ਼ਦ ਕਰਾਂ। ਉਹ ਸੰਵਿਧਾਨ ਪ੍ਰਤੀ ਨਿਸ਼ਠਾ ਰੱਖਣ ਵਾਲੀ ਜੱਜ ਏਮੀ ਕੋਨੇ ਬੈਰੇਟ ਹੈ। ਬੈਰੇਟ ਆਪਣੇ ਪਤੀ ਅਤੇ ਸੱਤ ਬੱਚਿਆਂ ਨਾਲ ਇੰਡੀਆਨਾ ਸੂਬੇ ਵਿਚ ਰਹਿੰਦੀ ਹੈ।

ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਹੁਣ 40 ਤੋਂ ਵੀ ਘੱਟ ਦਿਨ ਬਚੇ ਹਨ। ਅਜਿਹੇ ਵਿਚ ਜੱਜ ਨੂੰ ਨਾਮਜ਼ਦ ਕਰਨ ਦੇ ਆਪਣੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕੀ ਸੰਵਿਧਾਨ ਤਹਿਤ ਇਹ ਉਨ੍ਹਾਂ ਦਾ ਸਰਬਉੱਚ ਅਤੇ ਸਭ ਤੋਂ ਅਹਿਮ ਕਰਤੱਵ ਹੈ। ਉਨ੍ਹਾਂ ਕਿਹਾ ਕਿ ਬੈਰੇਟ ਇਸ ਅਹੁਦੇ ਲਈ ਬੇਹੱਦ ਯੋਗ ਹੈ। ਮੈਂ ਦੇਖਿਆ ਅਤੇ ਪਾਇਆ ਕਿ ਉਹ ਇਸ ਜਿੰਮੇਵਾਰੀ ਲਈ ਬਹੁਤ ਯੋਗ ਹੈ। ਉਹ ਸ਼ਾਨਦਾਰ ਸਾਬਿਤ ਹੋਵੇਗੀ। ਰਾਸ਼ਟਰਪਤੀ ਵੱਲੋਂ ਨਾਮਜ਼ਦ ਹੋਣ ਪਿੱਛੋਂ ਬੈਰੇਟ ਦੇ ਨਾਂ ਨੂੰ ਸੈਨੇਟ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਸੈਨੇਟ ਵਿਚ ਰਿਪਬਲਿਕਨ ਪਾਰਟੀ ਦਾ ਬਹੁਮਤ ਹੋਣ ਦੇ ਨਾਤੇ ਇਸ ਵਿਚ ਕੋਈ ਦਿੱਕਤ ਨਹੀਂ ਆਏਗੀ।

ਬੈਰੇਟ ਨੇ ਕੀਤਾ ਧੰਨਵਾਦ

ਨਾਮਜ਼ਦ ਹੋਣ ਪਿੱਛੋਂ ਬੈਰੇਟ ਨੇ ਟਰੰਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਸਮਝਦੀ ਹਾਂ ਕਿ ਰਾਸ਼ਟਰਪਤੀ ਲਈ ਇਹ ਕਿੰਨਾ ਅਹਿਮ ਫ਼ੈਸਲਾ ਹੈ। ਜੇਕਰ ਮੈਨੂੰ ਸੈਨੇਟ ਦਾ ਵਿਸ਼ਵਾਸ ਪ੍ਰਰਾਪਤ ਹੁੰਦਾ ਹੈ ਤਾਂ ਮੈਂ ਪੂਰੀ ਸਮਰੱਥਾ ਨਾਲ ਆਪਣੀਆਂ ਜਿੰਮੇਵਾਰੀਆਂ ਨਿਭਾਵਾਂਗੀ। ਮੈਂ ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਨਾਲ ਪਿਆਰ ਕਰਦੀ ਹਾਂ।

ਬਿਡੇਨ ਨੇ ਕੀਤਾ ਵਿਰੋਧ

ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਨੇ ਬੈਰੇਟ ਨੂੰ ਨਾਮਜ਼ਦ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਚੋਣ ਪਿੱਛੋਂ ਹੀ ਨਵੀਂ ਨਿਯੁਕਤੀ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਸੈਨੇਟ ਨੂੰ ਇਸ ਨਿਯੁਕਤੀ ਨੂੰ ਨਾਮਨਜ਼ੂਰ ਕਰਨ ਦੀ ਅਪੀਲ ਕੀਤੀ ਹੈ। ਬਿਡੇਨ ਨੇ ਕਿਹਾ ਕਿ ਬੈਰੇਟ ਦਾ ਟਰੈਕ ਰਿਕਾਰਡ ਚੰਗਾ ਨਹੀਂ ਹੈ। ਅਮਰੀਕਾ ਦੇ ਲੋਕਾਂ ਨੂੰ ਪਤਾ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਉਨ੍ਹਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ। ਸੈਨੇਟ ਨੂੰ ਇਸ 'ਤੇ ਤਦ ਤਕ ਫ਼ੈਸਲਾ ਨਹੀਂ ਕਰਨਾ ਚਾਹੀਦਾ ਜਦੋਂ ਤਕ ਕਿ ਲੋਕ ਨਵਾਂ ਰਾਸ਼ਟਰਪਤੀ ਨਾ ਚੁਣ ਲੈਣ।

ਸੈਨੇਟ 'ਚ ਸੁਣਵਾਈ 12 ਤੋਂ

ਟਰੰਪ ਨੇ ਕਿਹਾ ਬੈਰੇਟ ਦੀ ਨਿਯੁਕਤੀ ਨੂੰ ਮਨਜ਼ੂਰੀ ਦੇਣ ਲਈ ਸੈਨੇਟ ਦੀ ਸੁਣਵਾਈ 12 ਅਕਤੂਬਰ ਤੋਂ ਸ਼ੁਰੂ ਹੋ ਸਕਦੀ ਹੈ। ਸੈਨੇਟ ਦੀ ਨਿਆਇਕ ਕਮੇਟੀ ਦੇ ਪ੍ਰਧਾਨ ਲਿੰਡਸੇ ਗ੍ਰਾਹਮ ਨੇ ਕਿਹਾ ਕਿ ਇਹ ਪ੍ਰਕਿਰਿਆ ਤੇਜ਼ੀ ਨਾਲ ਪੂਰੀ ਹੋਵੇਗੀ। ਅਸੀਂ ਇਸ ਨੂੰ ਰਾਸ਼ਟਰਪਤੀ ਚੋਣ ਤੋਂ ਪਹਿਲੇ ਪੂਰਾ ਕਰ ਲੈਣਾ ਚਾਹੁੰਦੇ ਹਾਂ।