ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫ਼ਗਾਨਿਸਤਾਨ 'ਚ ਸ਼ਾਂਤੀ ਸਮਝੌਤੇ 'ਤੇ ਚਰਚਾ ਲਈ ਰਾਸ਼ਟਰੀ ਸੁਰੱਖਿਆ ਦਲ ਨਾਲ ਬੈਠਕ ਕੀਤੀ। ਇਸ ਬੈਠਕ 'ਚ ਉਪ ਰਾਸ਼ਟਰਪਤੀ ਮਾਈਕ ਪੇਂਸ, ਵਿਦੇਸ਼ ਮੰਤਰੀ ਮਾਈਕ ਪੋਂਪੀਓ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਵੀ ਸ਼ਾਮਲ ਰਹੇ।

ਬੈਠਕ ਤੋਂ ਤੁਰੰਤ ਬਾਅਦ ਟਰੰਪ ਨੇ ਟਵੀਟ ਕੀਤਾ, 'ਜ਼ਿਆਦਾਤਰ ਲੋਕ 19 ਸਾਲ ਤੋਂ ਚੱਲ ਰਹੀ ਜੰਗ ਦੇ ਖ਼ਿਲਾਫ਼ ਹਨ ਤੇ ਹੁਣ ਕਿਸੇ ਸਮਝੌਤੇ 'ਤੇ ਪਹੁੰਚਣਾ ਚਾਹੁੰਦੇ ਹਨ।' ਵ੍ਹਾਈਟ ਹਾਊਸ ਨੇ ਦੱਸਿਆ ਕਿ ਬੈਠਕ ਅਫ਼ਗਾਨਿਸਤਾਨ 'ਚ ਚੱਲ ਰਹੀ ਸ਼ਾਂਤੀ ਵਾਰਤਾ ਤੇ ਤਾਲਿਬਾਨ ਤੇ ਅਫ਼ਗਾਨ ਸਰਕਾਰ ਦਰਮਿਆਨ ਸ਼ਾਂਤੀ ਸਮਝੌਤੇ 'ਤੇ ਕੇਂਦਰਤ ਰਹੀ। ਟਰੰਪ ਨੂੰ ਅਫ਼ਗਾਨਿਸਤਾਨ 'ਚ ਚੱਲ ਰਹੀ ਗੱਲਬਾਤ ਦੀ ਤਰੱਕੀ ਤੋਂ ਜਾਣੂ ਕਰਵਾਉਣ ਤੋਂ ਬਾਅਦ ਪੋਂਪੀਓ ਨੇ ਕਿਹਾ, 'ਰਾਸ਼ਟਰਪਤੀ ਦੀ ਅਗਵਾਈ 'ਚ ਅਸੀਂ ਅਫ਼ਗਾਨਿਸਤਾਨ ਨੂੰ ਲੈ ਕੇ ਸਹੀ ਰਸਤੇ 'ਤੇ ਵਧ ਰਹੇ ਹਾਂ। ਅਫ਼ਗਾਨ ਸਰਕਾਰ ਨਾਲ ਮਿਲ ਕੇ ਅਸੀਂ ਇਕ ਵਿਆਪਕ ਸ਼ਾਂਤੀ ਸਮਝੌਤੇ ਤਕ ਪਹੁੰਚਣ ਦੀ ਉਮੀਦ ਕਰ ਰਹੇ ਹਾਂ। ਅਜਿਹਾ ਸਮਝੌਤਾ ਜਿਸ 'ਚ ਹਿੰਸਾ ਨਾ ਹੋਵੇ ਤੇ ਇਹ ਯਕੀਨੀ ਹੋਵੇ ਕਿ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਮੁੜ ਕਦੀ ਅਮਰੀਕਾ ਜਾਂ ਇਸ ਦੇ ਸਹਿਯੋਗੀ ਦੇਸ਼ਾਂ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ ਹੋਵੇਗਾ।' ਬੈਠਕ 'ਚ ਰੱਖਿਆ ਮੰਤਰੀ ਮਾਰਕ ਐਸਪਰ, ਅਫ਼ਗਾਨ ਮਾਮਲੇ ਦੇ ਹੱਲ ਲਈ ਵਿਸ਼ੇਸ਼ ਪ੍ਰਤੀਨਿਧੀ ਜਾਲਮੇ ਖਲੀਲਜਾਦ, ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਜੋਸੇਫ ਡਨਫੋਰਡ ਤੇ ਸੀਆਈਏ ਦੀ ਡਾਇਰੈਕਟਰ ਗਿਨਾ ਹਸਪੇਲ ਨੇ ਵੀ ਹਿੱਸਾ ਲਿਆ।

ਟਰੰਪ ਨੇ ਅਜਿਹੇ ਸਮੇਂ 'ਚ ਇਸ ਬੈਠਕ ਦੀ ਅਗਵਾਈ ਕੀਤੀ ਹੈ, ਜਦੋਂ ਸੋਮਵਾਰ ਨੂੰ ਤਾਲਿਬਾਨ ਤੇ ਅਮਰੀਕੀ ਵਾਰਤਾਕਾਰਾਂ ਦਰਮਿਆਨ ਗੱਲਬਾਤ ਦਾ ਤਾਜ਼ਾ ਦੌਰ ਪੂਰਾ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਮਝੌਤੇ ਤੋਂ ਬਾਅਦ ਅਫ਼ਗਾਨਿਸਤਾਨ 'ਚ ਅਮਰੀਕਾ ਆਪਣੀ ਫ਼ੌਜ ਘੱਟ ਕਰ ਸਕਦਾ ਹੈ। ਤਾਲਿਬਾਨ ਨਾਲ ਹੋਏ ਸਮਝੌਤੇ ਦੀ ਵਿਸਥਾਰਤ ਜਾਣਕਾਰੀ ਜਨਤਕ ਨਹੀਂ ਹੋਈ ਹੈ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੰਪ ਛੇਤੀ ਤੋਂ ਛੇਤੀ ਅਫ਼ਗਾਨਿਸਤਾਨ ਤੋਂ ਫ਼ੌਜ ਹਟਾਉਣਾ ਚਾਹੁੰਦੇ ਹਨ। ਬੈਠਕ ਤੋਂ ਪਹਿਲਾਂ ਟਰੰਪ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਇਮਰਾਨ ਖ਼ਾਨ ਨਾਲ ਵੀ ਅਫ਼ਗਾਨਿਸਤਾਨ ਦੀ ਸ਼ਾਂਤੀ ਵਾਰਤਾ ਨੂੰ ਲੈ ਕੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਪਾਕਿ ਸਬੰਧਾਂ 'ਤੇ ਵੀ ਇਮਰਾਨ ਨਾਲ ਚਰਚਾ ਕੀਤੀ।