ਵਾਸ਼ਿੰਗਟਨ (ਰਾਇਟਰ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਅਤੇ ਵ੍ਹਾਈਟ ਹਾਊਸ ਦੇ ਸੀਨੀਅਰ ਸਲਾਹਕਾਰ ਜੇਰੇਡ ਕੁਸ਼ਨਰ ਮੈਰਿਟ ਆਧਾਰਤ ਇਕ ਇਮੀਗ੍ਰੇਸ਼ਨ ਮਤੇ 'ਤੇ ਕੰਮ ਕਰ ਰਹੇ ਹਨ। ਉਹ ਉੱਚ ਕੁਸ਼ਲ ਪੇਸ਼ੇਵਰਾਂ ਲਈ ਵੀਜ਼ਾ ਕੋਟਾ ਵਧਾਉਣ ਦਾ ਮਤਾ ਰੱਖ ਸਕਦੇ ਹਨ। ਇਸ ਤਰ੍ਹਾਂ ਹੋਣ 'ਤੇ ਭਾਰਤੀ ਪੇਸ਼ੇਵਰਾਂ ਨੂੰ ਫ਼ਾਇਦਾ ਹੋ ਸਕਦਾ ਹੈ।

ਇਸ ਸ਼੍ਰੇਣੀ ਦਾ ਵੀਜ਼ਾ ਭਾਰਤੀ ਪੇਸ਼ੇਵਰਾਂ 'ਚ ਖ਼ਾਸਾ ਲੋਕਪ੍ਰਿਆ ਹੈ। ਇਸ ਮਤੇ ਨਾਲ ਜੁੜੇ ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਕੁਸ਼ਨਰ ਅਗਲੇ ਹਫ਼ਤੇ ਰਾਸ਼ਟਰਪਤੀ ਟਰੰਪ ਦੇ ਸਾਹਮਣੇ ਮਤਾ ਪੇਸ਼ ਕਰ ਸਕਦੇ ਹਨ। ਇਹ ਹਾਲਾਂਕਿ ਟਰੰਪ ਦੇ ਫ਼ੈਸਲੇ 'ਤੇ ਹੈ ਕਿ ਉਹ ਇਸ ਮਤੇ ਨੂੰ ਸਵੀਕਾਰ ਕਰਦੇ ਹਨ ਜਾਂ ਬਦਲਾਅ ਲਈ ਵਾਪਸ ਭੇਜ ਦੇਣਗੇ।

ਉਨ੍ਹਾਂ ਕਿਹਾ ਕਿ ਮਤੇ 'ਚ ਉਨ੍ਹਾਂ ਲੋਕਾਂ ਦੇ ਮਾਮਲਿਆਂ ਨਾਲ ਨਿਪਟਣ ਲਈ ਕਿਸੇ ਨਵੇਂ ਤਰੀਕੇ ਦਾ ਸੁਝਾਅ ਨਹੀਂ ਦਿੱਤਾ ਜਾਵੇਗਾ ਜਿਹੜੇ ਬਚਪਨ 'ਚ ਨਾਜਾਇਜ਼ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਏ ਸਨ। ਅਜਿਹੇ ਲੋਕਾਂ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ 'ਚ ਬਣੇ ਇਕ ਪ੍ਰੋਗਰਾਮ ਤਹਿਤ ਸੁਰੱਖਿਆ ਮਿਲੀ ਹੋਈ ਹੈ। ਨਿਊਯਾਰਕ ਦੇ ਟਾਈਮ ਮੈਗਜ਼ੀਨ ਦੇ ਇਕ ਪ੍ਰੋਗਰਾਮ 'ਚ ਮੰਗਲਵਾਰ ਨੂੰ ਕੁਸ਼ਨਰ ਨੇ ਕਿਹਾ ਸੀ, 'ਮੈਂ ਵ੍ਹਾਈਟ ਹਾਊਸ ਦੇ ਆਰਥਿਕ ਸਲਾਹਕਾਰ ਕੈਵਿਨ ਹੈਸੇਟ ਅਤੇ ਨੀਤੀ ਮਾਮਲਿਆਂ ਦੇ ਸਲਾਹਕਾਰ ਸਟੀਫਨ ਮਿਲਰ ਨਾਲ ਮਿਲ ਕੇ ਮਤੇ 'ਤੇ ਕੰਮ ਕਰ ਰਿਹਾ ਹਾਂ।'

ਸਖ਼ਤ ਇਮੀਗ੍ਰੇਸ਼ਨ ਨੀਤੀ ਚਾਹੁੰਦੇ ਹਨ ਟਰੰਪ

ਡੋਨਾਲਡ ਟਰੰਪ 2016 'ਚ ਹੋਈਆਂ ਰਾਸ਼ਟਰਪਤੀ ਚੋਣਾਂ ਦੌਰਾਨ ਅਤੇ ਰਾਸ਼ਟਰਪਤੀ ਬਣਨ ਦੇ ਬਾਅਦ ਕਈ ਵਾਰੀ ਸਖ਼ਤ ਇਮੀਗ੍ਰੇਸ਼ਨ ਨੀਤੀ ਦੀ ਵਕਾਲਤ ਕਰ ਚੁੱਕੇ ਹਨ। ਉਹ ਮੈਕਸੀਕੋ ਨਾਲ ਲੱਗਦੀ ਅਮਰੀਕੀ ਸਰਹੱਦ 'ਤੇ ਕੰਧ ਖੜ੍ਹੀ ਕਰਨ ਦੀ ਆਪਣੀ ਯੋਜਨਾ ਨੂੰ ਵੀ ਅੱਗੇ ਵਧਾ ਰਹੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਸਰਹੱਦ 'ਤੇ ਕੰਧ ਬਣਨ ਨਾਲ ਸ਼ਰਨਾਰਥੀ ਨਾਜਾਇਜ਼ ਤਰੀਕੇ ਨਾਲ ਅਮਰੀਕਾ 'ਚ ਦਾਖਲ ਨਹੀਂ ਹੋ ਸਕਣਗੇ।