ਵਾਸ਼ਿੰਗਟਨ : ਚੀਨੀ ਐਪ ਟਿਕਟਾਕ ਦੇ ਮਾਮਲੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਵਿਚਕਾਰ ਐਤਵਾਰ ਨੂੰ ਚਰਚਾ ਹੋਈ। ਇਸ ਪਿੱਛੋਂ ਇਸ ਦਿੱਗਜ ਅਮਰੀਕੀ ਟੈੱਕ ਕੰਪਨੀ ਨੇ ਸਾਫ਼ ਕਰ ਦਿੱਤਾ ਕਿ ਉਹ ਇਸ ਐਪ ਨੂੰ ਖ਼ਰੀਦਣ ਲਈ ਗੱਲਬਾਤ ਜਾਰੀ ਰੱਖੇਗੀ। ਇਸ ਮਾਮਲੇ ਨਾਲ ਜੁੜੇ ਤਿੰਨ ਲੋਕਾਂ ਦੇ ਹਵਾਲੇ ਨਾਲ ਖ਼ਬਰ ਏਜੰਸੀ ਰਾਇਟਰ ਨੇ ਇਹ ਦੱਸਿਆ ਕਿ ਟਰੰਪ ਨੇ ਟਿਕਟਾਕ ਨੂੰ ਪ੍ਰਰਾਪਤ ਕਰਨ ਲਈ ਮਾਈਕ੍ਰੋਸਾਫਟ ਨੂੰ 45 ਦਿਨਾਂ ਦੀ ਮੋਹਲਤ ਦਿੱਤੀ ਹੈ। ਕੰਪਨੀ ਨੇ ਵੀ 15 ਸਤੰਬਰ ਤਕ ਗੱਲਬਾਤ ਪੂਰੀ ਕਰ ਲੈਣ ਦੀ ਉਮੀਦ ਪ੍ਰਗਟ ਕੀਤੀ ਹੈ।

ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਜਦੋਂ ਟਰੰਪ ਟਿਕਟਾਕ ਦੇ ਚੀਨ ਨਾਲ ਸਬੰਧਾਂ ਕਾਰਨ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਕਈ ਵਾਰ ਚਿੰਤਾ ਜ਼ਾਹਿਰ ਕਰ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਨੇ ਪਿਛਲੇ ਸ਼ੁੱਕਰਵਾਰ ਨੂੰ ਇਹ ਵੀ ਕਿਹਾ ਸੀ ਕਿ ਉਹ ਇਸ ਐਪ 'ਤੇ ਅਮਰੀਕਾ 'ਚ ਪਾਬੰਦੀ ਲਗਾਉਣ ਜਾ ਰਹੇ ਹਨ। ਇਸ ਬਾਰੇ ਵਿਚ ਐਲਾਨ ਜਲਦੀ ਕੀਤਾ ਜਾਵੇਗਾ। ਹਾਲਾਂਕਿ ਟਰੰਪ ਦੀ ਇਸ ਧਮਕੀ ਪਿੱਛੋਂ ਇਹ ਖ਼ਬਰ ਆਈ ਸੀ ਕਿ ਮਾਈਕ੍ਰੋਸਾਫਟ ਨੇ ਟਿਕਟਾਕ ਦੇ ਅਮਰੀਕੀ ਆਪਰੇਸ਼ਨਜ਼ ਨੂੰ ਖ਼ਰੀਦਣ ਦਾ ਇਰਾਦਾ ਛੱਡ ਦਿੱਤਾ ਹੈ। ਇਸ ਪਿੱਛੋਂ ਟਰੰਪ ਅਤੇ ਨਡੇਲਾ ਵਿਚਕਾਰ ਹੋਈ ਗੱਲਬਾਤ ਪਿੱਛੋਂ ਮਾਈਕ੍ਰੋਸਾਫਟ ਦਾ ਰੁਖ਼ ਬਦਲ ਗਿਆ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਹ ਟਰੰਪ ਅਤੇ ਨਡੇਲਾ ਵਿਚਕਾਰ ਚਰਚਾ ਪਿੱਛੋਂ ਅਮਰੀਕਾ ਵਿਚ ਟਿਕਟਾਕ ਨੂੰ ਖ਼ਰੀਦਣ ਲਈ ਗੱਲਬਾਤ ਜਾਰੀ ਰੱਖਣ ਨੂੰ ਤਿਆਰ ਹਨ। ਉਮੀਦ ਹੈ ਕਿ ਇਹ ਗੱਲਬਾਤ 15 ਸਤੰਬਰ ਤਕ ਪੂਰੀ ਹੋ ਜਾਵੇਗੀ। ਟਿਕਟਾਕ ਨਾਲ ਉਸ ਦੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਸੰਚਾਲਿਤ ਸੇਵਾਵਾਂ ਨੂੰ ਪ੍ਰਰਾਪਤ ਕਰਨ ਦਾ ਯਤਨ ਕੀਤਾ ਜਾਵੇਗਾ। ਇਹ ਐਪ ਚੀਨ ਅਤੇ ਦੂਜੇ ਬਾਜ਼ਾਰਾਂ 'ਚ ਆਪਣੇ ਸੋਸ਼ਲ ਮੀਡੀਆ ਆਪਰੇਸ਼ਨਜ਼ ਸੰਚਾਲਿਤ ਕਰਦਾ ਰਹੇਗਾ। ਵਾਸ਼ਿੰਗਟਨ ਦੇ ਰੈਡਮੰਡ ਸਥਿਤ ਕੰਪਨੀ ਦੇ ਹੈੱਡਕੁਆਰਟਰ ਨੇ ਬਿਆਨ ਵਿਚ ਕਿਹਾ ਕਿ ਮਾਈਕ੍ਰੋਸਾਫਟ ਰਾਸ਼ਟਰਪਤੀ ਦੀਆਂ ਚਿੰਤਾਵਾਂ ਦੀ ਅਹਿਮੀਅਤ ਨੂੰ ਪੂਰੀ ਤਰ੍ਹਾਂ ਸਮਝਦੀ ਹੈ। ਕੰਪਨੀ ਪੂਰੀ ਸੁਰੱਖਿਆ ਸਮੀਖਿਆ ਅਤੇ ਅਮਰੀਕਾ ਨੂੰ ਆਰਥਿਕ ਲਾਭ ਮੁਹੱਈਆ ਕਰਵਾਉਣ ਨਾਲ ਟਿਕਟਾਕ ਨੂੰ ਹਾਸਲ ਕਰਨ ਲਈ ਪ੍ਰਤੀਬੱਧ ਹੈ।