ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ 'ਚ ਹੁਣ ਨਿਊਯਾਰਕ ਟਾਈਮਜ਼ ਤੇ ਵਾਸ਼ਿੰਗਟਨ ਪੋਸਟ ਅਖ਼ਬਾਰ ਨਜ਼ਰ ਨਹੀਂ ਆਉਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਇਨ੍ਹਾਂ ਦੋਵਾਂ ਪ੍ਰਮੁੱਖ ਅਖ਼ਬਾਰਾਂ ਦੀ ਸਬਸਕ੍ਰਿਪਸ਼ਨ ਰੱਦ ਕਰ ਦਿੱਤੀ ਹੈ। ਉਨ੍ਹਾਂ ਸਾਰੀਆਂ ਸੰਘੀ ਏਜੰਸੀਆਂ ਨੂੰ ਵੀ ਅਜਿਹਾ ਕਰਨ ਦਾ ਆਦੇਸ਼ ਦਿੱਤਾ ਹੈ। ਟਰੰਪ ਨੇ ਹਫ਼ਤਾ ਭਰ ਪਹਿਲਾਂ ਹੀ ਆਪਣੇ ਇਸ ਕਦਮ ਦਾ ਸੰਕੇਤ ਦਿੱਤਾ ਸੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਟੇਫਨੀ ਗਿ੍ਸ਼ਮੀ ਨੇ ਵੀਰਵਾਰ ਨੂੰ ਕਿਹਾ, 'ਸਾਰੀਆਂ ਸੰਘੀ ਏਜੰਸੀਆਂ ਸਬਸਕ੍ਰਿਪਸ਼ਨ ਦਾ ਨਵੀਨੀਕਰਨ ਨਹੀਂ ਕਰ ਰਹੀਆਂ ਹਨ। ਖ਼ਰਚ 'ਚ ਕਟੌਤੀ ਕਰਦਾਤਿਆਂ ਲਈ ਅਹਿਮ ਹੋਵੇਗੀ।' ਅਧਿਕਾਰੀਆਂ ਨੇ ਦੱਸਿਆ ਕਿ ਵ੍ਹਾਈਟ ਹਾਊਸ 'ਚ ਹੁਣ ਵਾਲ ਸਟ੍ਰੀਟ, ਯੂਐੱਸਏ ਟੁਡੇ, ਫਾਈਨਾਂਸ਼ੀਅਲ ਟਾਈਮਜ਼ ਤੇ ਨਿਊਯਾਰਕ ਪੋਸਟ ਅਖ਼ਬਾਰ ਹੀ ਲਏ ਜਾਣਗੇ। ਟਰੰਪ ਨੇ ਬੀਤੇ ਸੋਮਵਾਰ ਨੂੰ ਇਕ ਇੰਟਰਵਿਊ 'ਚ ਕਿਹਾ ਸੀ, 'ਨਿਊਯਾਰਕ ਟਾਈਮਜ਼ ਫੇਕ ਨਿਊਜ਼ਪੇਪਰ ਹੈ। ਇਸ ਨੂੰ ਅਸੀਂ ਵ੍ਹਾਈਟ ਹਾਊਸ 'ਚ ਹੁਣ ਨਹੀਂ ਚਾਹੁੰਦੇ। ਅਸੀਂ ਇਸ ਨੂੰ ਅਤੇ ਵਾਸ਼ਿੰਗਟਨ ਪੋਸਟ ਨੂੰ ਸ਼ਾਇਦ ਬੰਦ ਕਰਨ ਜਾ ਰਹੇ ਹਾਂ। ਇਹ ਫੇਕ ਹਨ।' ਅਖ਼ਬਾਰ ਦਾ ਸਬਸਕ੍ਰਿਪਸ਼ਨ ਰੱਦ ਕੀਤੇ ਜਾਣ 'ਤੇ ਨਿਊਯਾਰਕ ਟਾਈਮਜ਼ ਦੇ ਸੀਓਓ ਮੇਰੇਡਿਥ ਲੇਵਿਏਨ ਨੇ ਟਰੰਪ 'ਤੇ ਵਿਅੰਗ ਕਰਦਿਆਂ ਕਿਹਾ, 'ਉਹ ਸ਼ਾਇਦ ਹੀ ਸਾਡੇ ਸਭ ਤੋਂ ਵਫ਼ਾਦਾਰ ਪਾਠਕ ਹੋਣਗੇ।

ਕੈਨੇਡੀ ਨੇ ਵੀ ਲਾਈ ਸੀ ਰੋਕ

ਟਰੰਪ ਵ੍ਹਾਈਟ ਹਾਊਸ 'ਚ ਕਿਸੇ ਅਖ਼ਬਾਰ 'ਤੇ ਰੋਕ ਲਗਾਉਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਨਹੀਂ ਹਨ। ਸਵ. ਰਾਸ਼ਟਰਪਤੀ ਜੌਨ ਐੱਫ ਕੈਨੇਡੀ ਨੇ ਵੀ ਆਪਣੇ ਕਾਰਜਕਾਲ ਦੌਰਾਨ ਨਿਊਯਾਰਕ ਹੈਰਾਲਡ ਟਿ੍ਬਿਊਨ ਅਖ਼ਬਾਰ ਦਾ ਸਬਸਕ੍ਰਿਪਸ਼ਨ ਰੱਦ ਕਰ ਦਿੱਤਾ ਸੀ।

ਮੀਡੀਆ ਖ਼ਿਲਾਫ਼ ਟਰੰਪ ਦਾ ਰੁਖ਼ ਸਖ਼ਤ

ਸੱਤਾ ਸੰਭਾਲਣ ਦੇ ਨਾਲ ਹੀ ਟਰੰਪ ਦਾ ਅਮਰੀਕੀ ਮੀਡੀਆ ਪ੍ਰਤੀ ਰੁਖ਼ ਸਖ਼ਤ ਰਿਹਾ ਹੈ। ਉਹ ਕਈ ਵਾਰ ਮੀਡੀਆ ਨੂੰ ਫੇਕ ਨਿਊਜ਼ ਕਰਾਰ ਦੇ ਚੁੱਕੇ ਹਨ। ਉਹ ਖ਼ਾਸ ਤੌਰ 'ਤੇ ਅਮਰੀਕੀ ਚੋਣਾਂ 'ਚ ਰੂਸ ਦੇ ਅਖੌਤੀ ਦਖ਼ਲ ਨੂੰ ਲੈ ਕੇ ਸੀਐੱਨਐੱਨ, ਨਿਊਯਾਰਕ ਟਾਈਮਜ਼ ਤੇ ਵਾਸ਼ਿੰਗਟਨ ਪੋਸਟ ਦੀਆਂ ਖ਼ਬਰਾਂ ਨੂੰ ਲੈ ਕੇ ਇਨ੍ਹਾਂ ਅਖ਼ਬਾਰਾਂ ਦੀ ਨਿੰਦਾ ਕਰਦੇ ਹਨ।