ਵਾਸ਼ਿੰਗਟਨ (ਏਜੰਸੀ) : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲਿਬਾਨ ਦੀ ਕੈਦ ਤੋਂ ਅਮਰੀਕੀ ਤੇ ਆਸਟ੍ਰੇਲੀਆਈ ਪ੍ਰੋਫੈਸਰਾਂ ਦੀ ਰਿਹਾਈ 'ਚ ਮਦਦ ਲਈ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਫੋਨ ਕਰ ਕੇ ਸ਼ੁੱਕਰੀਆ ਕੀਤਾ ਹੈ। ਤਾਲਿਬਾਨ ਨੇ ਬੀਤੇ ਮੰਗਲਵਾਰ ਨੂੰ ਅਮਰੀਕੀ ਨਾਗਰਿਕ ਕੇਵਿਨ ਕਿੰਗ ਤੇ ਆਸਟ੍ਰੇਲੀਆਈ ਟਿਮੋਤੀ ਵੀਕਸ ਨੂੰ ਅਫ਼ਗਾਨਿਸਤਾਨ 'ਚ ਅਮਰੀਕੀ ਫ਼ੌਜਾਂ ਦੇ ਹਵਾਲੇ ਕਰ ਦਿੱਤਾ ਸੀ। ਇਹ ਦੋਵੇਂ ਕਾਬੁਲ ਸਥਿਤ ਅਮਰੀਕੀ ਯੂਨੀਵਰਸਿਟੀ 'ਚ ਪ੍ਰੋਫੈਸਰ ਸਨ। ਉਨ੍ਹਾਂ ਨੂੰ ਅਗਸਤ 2016 'ਚ ਫ਼ੌਜ ਦੀ ਵਰਦੀ 'ਚ ਆਏ ਬੰਦੂਕਧਾਰੀਆਂ ਨੇ ਅਗਵਾ ਕਰ ਲਿਆ ਸੀ। ਉਨ੍ਹਾਂ ਦੀ ਰਿ ਹਾਈ ਬਦਲੇ ਅਫ਼ਗਾਨ ਸਰਕਾਰ ਨੇ ਤਾਲਿਬਾਨ ਨਾਲ ਜੁੜੇ ਹੱਕਾਨੀ ਨੈੱਟਵਰਕ ਦੇ ਤਿੰਨ ਅੱਤਵਾਦੀ ਛੱਡੇ ਸਨ।

ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਦੱਸਿਆ ਕਿ ਰਾਸ਼ਟਰਪਤੀ ਟਰੰਪ ਨੇ ਦੋਵਾਂ ਨੇਤਾਵਾਂ ਨਾਲ ਫੋਨ 'ਤੇ ਵੱਖ-ਵੱਖ ਗੱਲ ਕੀਤੀ। ਟਰੰਪ ਨੇ ਇਮਰਾਨ ਨਾਲ ਗੱਲਬਾਤ 'ਚ ਦੋਵਾਂ ਕੈਦੀਆਂ ਦੀ ਰਿਹਾਈ 'ਚ ਸਹਿਯੋਗ ਲਈ ਧੰਨਵਾਦ ਕੀਤਾ। ਟਰੰਪ ਨੇ ਇਹ ਉਮੀਦ ਵੀ ਪ੍ਰਗਟਾਈ ਕਿ ਸਕਾਰਾਤਮਕ ਘਟਨਾ ਚੱਕਰ ਨਾਲ ਅਫ਼ਗਾਨਿਸਤਾਨ 'ਚ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ 'ਚ ਮਦਦ ਮਿਲੇਗੀ। ਦੋਵਾਂ ਨੇਤਾਵਾਂ ਨੇ ਅਮਰੀਕਾ ਤੇ ਪਾਕਿਸਤਾਨ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਪ੍ਰਤੀਬੱਧਤਾ ਦੁਹਰਾਈ।

ਰਾਸ਼ਟਰਪਤੀ ਗਨੀ ਨਾਲ ਫੋਨ 'ਤੇ ਹੋਈ ਗੱਲਬਾਤ 'ਚ ਟਰੰਪ ਨੇ ਅਫ਼ਗਾਨ ਸਰਕਾਰ ਦੀ ਆਪਣੇ ਮੁਲਕ ਦੀ ਸ਼ਾਂਤੀ ਪ੍ਰਕਿਰਿਆ 'ਚ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ। ਅਫ਼ਗਾਨਿਸਤਾਨ 'ਚ 18 ਸਾਲ ਤੋਂ ਜਾਰੀ ਸੰਘਰਸ਼ ਖ਼ਤਮ ਕਰਨ ਦੇ ਯਤਨਾਂ 'ਚ ਅਮਰੀਕਾ ਤੇ ਤਾਲਿਬਾਨ ਵਿਚਕਾਰ ਬੀਤੇ ਦਸੰਬਰ ਮਹੀਨੇ ਤੋਂ ਸ਼ਾਂਤੀ ਵਾਰਤਾ ਚੱਲ ਰਹੀ ਸੀ, ਪਰ ਟਰੰਪ ਨੇ ਬੀਤੀ ਸਤੰਬਰ 'ਚ ਇਹ ਗੱਲਬਾਤ ਅਜਿਹੇ ਸਮੇਂ ਰੱਦ ਕਰ ਦਿੱਤੀ ਸੀ, ਜਦੋਂ ਦੋਵੇਂ ਧਿਰਾਂ ਸਮਝੌਤੇ ਦੇ ਕਰੀਬ ਸਨ। ਇਸ ਗੱਲਬਾਤ 'ਚ ਤਾਲਿਬਾਨ ਦੇ ਵਿਰੋਧ ਕਾਰਨ ਅਫ਼ਗਾਨ ਸਰਕਾਰ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ।