ਵਾਸ਼ਿੰਗਟਨ (ਏਐੱਫਪੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨੂੰ ਕਰਜ਼ਾ ਦਿੱਤੇ ਜਾਣ ਨੂੰ ਲੈ ਕੇ ਵਿਸ਼ਵ ਬੈਂਕ ਤੋਂ ਖ਼ਫ਼ਾ ਹੋ ਗਏ ਹਨ। ਉਨ੍ਹਾਂ ਨੇ ਇਸ ਅੰਤਰਰਾਸ਼ਟਰੀ ਵਿੱਤੀ ਸੰਗਠਨ ਦੀ ਆਲੋਚਨਾ ਕਰਦੇ ਹੋਏ ਬੀਜਿੰਗ ਨੂੰ ਕਰਜ਼ਾ ਦਿੱਤੇ ਜਾਣ 'ਤੇ ਸਵਾਲ ਉਠਾਏ ਹਨ।

ਟਰੰਪ ਨੇ ਸ਼ੁੱਕਰਵਾਰ ਨੂੰ ਟਵੀਟ ਰਾਹੀਂ ਪੁਿਛਆ, 'ਵਿਸ਼ਵ ਬੈਂਕ ਚੀਨ ਨੂੰ ਕਰਜ਼ਾ ਕਿਉਂ ਦੇ ਰਿਹਾ ਹੈ? ਕੀ ਇਹ ਸੰਭਵ ਹੋ ਸਕਦਾ ਹੈ? ਚੀਨ ਕੋਲ ਬਹੁਤ ਪੈਸਾ ਹੈ, ਜੇਕਰ ਨਹੀਂ ਹੈ ਤਾਂ ਉਹ ਇਸ ਦਾ ਪ੍ਰਬੰਧ ਕਰੇ। ਕਰਜ਼ਾ ਰੋਕਿਆ ਜਾਏ।' ਅਮਰੀਕੀ ਵਿੱਤ ਮੰਤਰੀ ਸਟੀਵਨ ਮੈਨੁਚਿਨ ਨੇ ਵੀ ਇਸੇ ਤਰ੍ਹਾਂ ਦੀ ਗੱਲ ਇਕ ਦਿਨ ਪਹਿਲੇ ਕਹੀ ਸੀ। ਸਟੀਵਨ ਨੇ ਵੀਰਵਾਰ ਨੂੰ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਇਕ ਕਮੇਟੀ ਵਿਚ ਕਿਹਾ ਸੀ ਕਿ ਅਮਰੀਕਾ ਨੇ ਚੀਨ ਵਿਚ ਵਿਸ਼ਵ ਬੈਂਕ ਦੇ ਬਹੁ-ਸਾਲਾ ਕਰਜ਼ਾ ਪ੍ਰੋਗਰਾਮ ਅਤੇ ਪ੍ਰਾਜੈਕਟਾਂ 'ਤੇ ਇਤਰਾਜ਼ ਪ੍ਰਗਟਾਇਆ ਹੈ। ਅਮਰੀਕਾ ਦੀ ਇਹ ਦਲੀਲ ਹੈ ਕਿ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥ-ਵਿਵਸਥਾ ਵਾਲਾ ਚੀਨ ਏਨਾ ਖ਼ੁਸ਼ਹਾਲ ਹੈ ਕਿ ਉਹ ਖ਼ੁਦ ਹੀ ਪੂੰਜੀ ਦਾ ਪ੍ਰਬੰਧ ਕਰ ਸਕਦਾ ਹੈ। ਇਸ ਲਈ ਉਹ ਵਿਸ਼ਵ ਬੈਂਕ 'ਤੇ ਨਿਰਭਰ ਨਹੀਂ ਹੈ। ਵਿਸ਼ਵ ਬੈਂਕ ਨੂੰ ਗ਼ਰੀਬ ਦੇਸ਼ਾਂ ਲਈ ਵਿੱਤੀ ਸਰੋਤ ਬਣਨ 'ਤੇ ਧਿਆਨ ਦੇਣਾ ਚਾਹੀਦਾ ਹੈ ਜਦਕਿ ਵਿਸ਼ਵ ਬੈਂਕ ਵਿਚ ਚੀਨ ਮਾਮਲਿਆਂ ਦੇ ਡਾਇਰੈਕਟਰ ਮਾਰਟਿਨ ਰੇਜਰ ਨੇ ਕਿਹਾ ਕਿ ਇਹ ਪ੍ਰੋਗਰਾਮ ਚੀਨ ਨਾਲ ਸਾਡੇ ਸਬੰਧਾਂ ਦੀ ਪ੍ਰਗਤੀ ਨੂੰ ਦਰਸਾਉਂਦਾ ਹੈ।

ਹਰ ਸਾਲ ਮਿਲੇਗਾ 10 ਹਜ਼ਾਰ ਕਰੋੜ

ਖ਼ਬਰ ਏਜੰਸੀ ਰਾਇਟਰ ਅਨੁਸਾਰ ਵਿਸ਼ਵ ਬੈਂਕ ਨੇ ਚੀਨ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਣ ਦੇ ਪ੍ਰੋਗਰਾਮ ਨੂੰ ਵੀਰਵਾਰ ਨੂੰ ਮਨਜ਼ੂਰੀ ਦਿੱਤੀ। ਇਸ ਪ੍ਰੋਗਰਾਮ ਤਹਿਤ ਚੀਨ ਨੂੰ ਜੂਨ 2025 ਤਕ ਘੱਟ ਵਿਆਜ ਦਰ 'ਤੇ ਹਰ ਸਾਲ ਇਕ ਅਰਬ ਤੋਂ ਲੈ ਕੇ ਡੇਢ ਅਰਬ ਡਾਲਰ (ਕਰੀਬ ਸੱਤ ਹਜ਼ਾਰ ਤੋਂ 10 ਹਜ਼ਾਰ ਕਰੋੜ ਰੁਪਏ) ਦਾ ਕਰਜ਼ਾ ਦਿੱਤਾ ਜਾਏਗਾ।

ਚੀਨ-ਅਮਰੀਕਾ 'ਚ 18 ਮਹੀਨਿਆਂ ਤੋਂ ਕਾਰੋਬਾਰੀ ਜੰਗ

ਟਰੰਪ ਦਾ ਇਹ ਰੁਖ਼ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਅਤੇ ਚੀਨ ਵਿਚਕਾਰ ਪਿਛਲੇ 18 ਮਹੀਨਿਆਂ ਤੋਂ ਛਿੜੀ ਕਾਰੋਬਾਰੀ ਜੰਗ ਨੂੰ ਖ਼ਤਮ ਕਰਨ ਲਈ ਗੱਲਬਾਤ ਚੱਲ ਰਹੀ ਹੈ। ਹਾਲਾਂਕਿ ਦੋਵਾਂ ਦੇਸ਼ਾਂ ਵਿਚ ਇਸ ਮਸਲੇ 'ਤੇ ਕਿਸੇ ਕਰਾਰ ਨੂੰ ਲੈ ਕੇ ਬੇਭਰੋਸਗੀ ਬਰਕਰਾਰ ਹੈ।