ਵਾਸ਼ਿੰਗਟਨ (ਏਜੰਸੀ) : ਰਿਪਬਲਿਕਨ ਪਾਰਟੀ ਦੇ ਸਮੱਰਥਕਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਨੂੰ ਕਮਜ਼ੋਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਜੁਲਾਈ 'ਚ ਪਾਰਟੀ ਸਮੱਰਥਕਾਂ ਨੇ ਟਰੰਪ ਦੇ ਸਾਹਮਣੇ ਪੈਸਿਆਂ ਦਾ ਢੇਰ ਲਗਾ ਦਿੱਤਾ ਹੈ। ਟਰੰਪ ਹੁਣ ਆਪਣੇ ਪ੍ਰਚਾਰ 'ਚ ਵਿਰੋਧੀ ਬਿਡੇਨ ਤੋਂ ਜ਼ਿਆਦਾ ਖ਼ਰਚ ਕਰ ਸਕਦੇ ਹਨ।

ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਲਈ ਟਰੰਪ ਕੰਪੇਨ ਅਤੇ ਸਹਿਯੋਗੀ ਸਮੂਹਾਂ ਨੇ ਸਿਰਫ਼ ਜੁਲਾਈ 'ਚ ਹੀ 16.5 ਕਰੋੜ ਡਾਲਰ (12,36,78,22,500 ਰੁਪਏ) ਇਕੱਠੇ ਕੀਤੇ ਹਨ। ਇਸੇ ਮਹੀਨੇ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਸਿਰਫ਼ 14 ਕਰੋੜ ਡਾਲਰ ਹੀ ਇਕੱਠੇ ਕਰ ਸਕੇ। ਇਸ ਨਾਲ ਚੋਣ ਦੇ ਆਖਰੀ ਦੌਰ 'ਚ ਟਰੰਪ ਨੂੰ ਥੋੜ੍ਹਾ ਲਾਭ ਮਿਲ ਸਕਦਾ ਹੈ। ਹੁਣ ਟਰੰਪ ਅਤੇ ਉਨ੍ਹਾਂ ਦੇ ਸਮੱਰਥਕ ਸਮੂਹਾਂ ਕੋਲ ਇਸ਼ਤਿਹਾਰ ਅਤੇ ਹੋਰ ਮਦਾਂ ਵਿਚ ਖ਼ਰਚ ਕਰਨ ਲਈ 30 ਕਰੋੜ ਡਾਲਰ ਹਨ ਜਦਕਿ ਬਿਡੇਨ ਸਿਰਫ਼ 29.4 ਕਰੋੜ ਡਾਲਰ ਹੀ ਖ਼ਰਚ ਕਰ ਸਕਣਗੇ। ਦੋਵਾਂ ਪਾਰਟੀਆਂ ਦਾ ਸੰਮੇਲਨ ਵੀ ਇਸੇ ਮਹੀਨੇ ਹੋਣਾ ਹੈ। ਟਰੰਪ ਦੀ ਚੋਣ ਮੁਹਿੰਮ ਨਾਲ ਜੁੜੇ ਬਿਲ ਸਟੀਫਨ ਨੇ ਕਿਹਾ ਕਿ ਜੁਲਾਈ 'ਚ ਇਕੱਠੀ ਹੋਈ ਰਿਕਾਰਡ ਰਕਮ ਤੋਂ ਇਹ ਸਾਫ਼ ਹੈ ਕਿ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਬਣਾਉਣ ਲਈ ਲੋਕਾਂ ਦਾ ਉਤਸ਼ਾਹ ਵੱਧਦਾ ਜਾ ਰਿਹਾ ਹੈ।