ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਕਸਾਸ 'ਚ ਦੇਸ਼ ਦੀ ਦੱਖਣੀ ਸਰਹੱਦ ਦਾ ਦੌਰਾ ਕਰਦਿਆਂ ਅਧਿਕਾਰੀਆਂ ਤੋਂ ਪੁੱਛਿਆ ਕਿ ਇਸ ਹਫ਼ਤੇ ਸਰਹੱਦ 'ਚ ਨਾਜਾਇਜ਼ ਤੌਰ 'ਤੇ ਦਾਖ਼ਲ ਹੋਣ ਦਾ ਯਤਨ ਕਰਦੇ ਕਿੰਨੇ ਪਾਕਿਸਤਾਨੀਆਂ ਨੂੰ ਫੜਿਆ ਗਿਆ? ਟਰੰਪ ਨੂੰ ਦੱਸਿਆ ਗਿਆ ਸੀ ਕਿ ਕਈ ਦੱਖਣੀ ਏਸ਼ਿਆਈ ਦੇਸ਼ਾਂ ਦੇ ਲੋਕ ਮੈਕਸੀਕੋ ਰਾਹੀਂ ਅਮਰੀਕਾ 'ਚ ਨਾਜਾਇਜ਼ ਤੌਰ 'ਤੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।

ਇਕ ਅਧਿਕਾਰੀ ਨੇ ਟਰੰਪ ਨੂੰ ਦੱਸਿਆ, 'ਹਾਲੇ ਤਕ 41 ਦੇਸ਼ਾਂ ਦੇ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਬੁੱਧਵਾਰ ਨੂੰ ਹੀ ਮੱਧ ਅਮਰੀਕੀ ਦੇਸ਼ਾਂ ਤੇ ਮੈਕਸੀਕੋ ਤੋਂ ਆਏ 133 ਲੋਕਾਂ ਨੂੰ ਫੜਿਆ ਗਿਆ। ਇਸ 'ਚ ਕੁਝ ਭਾਰਤੀ ਵੀ ਹਨ। ਅਸੀਂ ਪਾਕਿਸਤਾਨੀ ਤੇ ਰੋਮਾਨਿਆਈ ਨਾਗਰਿਕਾਂ ਨੂੰ ਵੀ ਫੜਿਆ ਹੈ।' ਇਸ 'ਤੇ ਟਰੰਪ ਨੇ ਅਧਿਕਾਰੀਆਂ ਨੂੰ ਵਿਚਾਲੇ ਰੋਕਦੇ ਹੋਏ ਪੁੱਛਿਆ, 'ਕਿੰਨੇ ਪਾਕਿਸਤਾਨੀ?' ਅਧਿਕਾਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਬੁੱਧਵਾਰ ਨੂੰ ਦੋ ਪਾਕਿਸਤਾਨੀ ਫੜੇ ਗਏ।