ਵਾਸ਼ਿੰਗਟਨ : ਵ੍ਹਾਈਟ ਹਾਊਸ ਦੇ ਇਕ ਚੋਟੀ ਦੇ ਸਲਾਹਕਾਰ ਨੇ ਜਨਵਰੀ ਵਿਚ ਹੀ ਕੋਰੋਨਾ ਵਾਇਰਸ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਨੂੰ ਚੌਕਸ ਕੀਤਾ ਸੀ। 29 ਜਨਵਰੀ ਦੇ ਇਕ ਮੈਮੋ 'ਚ ਉਨ੍ਹਾਂ ਲਿਖਿਆ ਸੀ ਕਿ ਮਹਾਮਾਰੀ ਕਾਰਨ ਅਮਰੀਕਾ ਨੂੰ ਕਰੋੜਾਂ ਡਾਲਰ ਦਾ ਰਗੜਾ ਲੱਗਣ ਨਾਲ ਹੀ ਵੱਡੀ ਗਿਣਤੀ ਵਿਚ ਅਮਰੀਕੀ ਨਾਗਰਿਕ ਬਿਮਾਰੀ ਜਾਂ ਮੌਤ ਦੇ ਮੂੰਹ ਵਿਚ ਜਾ ਸਕਦੇ ਹਨ।

ਕਾਰੋਬਾਰ ਮਾਮਲੇ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰ ਪੀਟਰ ਨਾਵੇਰੋ ਨੇ ਮੈਮੋ 'ਚ ਲਿਖਿਆ ਸੀ ਕਿ ਅਮਰੀਕਾ 'ਚ ਮਹਾਮਾਰੀ ਫੈਲਣ ਦੀ ਸੂਰਤ ਵਿਚ ਮੌਜੂਦਾ ਇਲਾਜ ਜਾਂ ਵੈਕਸੀਨ ਦੀ ਘਾਟ ਕਾਰਨ ਅਮਰੀਕੀ ਬੇਸਹਾਰਾ ਹੋ ਜਾਣਗੇ। ਬਚਾਅ ਸਬੰਧੀ ਇਨ੍ਹਾਂ ਕਮੀਆਂ ਕਾਰਨ ਕੋਰੋਨਾ ਵਾਇਰਸ ਦੇ ਮਹਾਮਾਰੀ ਦਾ ਰੂਪ ਲੈਣ ਦਾ ਪੂਰਾ ਖ਼ਤਰਾ ਹੈ ਜਿਸ ਨਾਲ ਲੱਖਾਂ ਅਮਰੀਕੀਆਂ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਸਕਦੀ ਹੈ। ਪੀਟਰ ਦਾ ਇਹ ਮੈਮੋ ਉਸ ਦੌਰ ਵਿਚ ਸਾਹਮਣੇ ਆਇਆ ਸੀ ਜਦੋਂ ਰਾਸ਼ਟਰਪਤੀ ਟਰੰਪ ਅਮਰੀਕਾ ਵਿਚ ਮਹਾਮਾਰੀ ਦੇ ਖ਼ਤਰੇ ਦੀ ਕੋਈ ਤਵੱਜੋ ਨਹੀਂ ਦੇ ਰਹੇ ਸਨ। ਪੀਟਰ ਦੇ ਨਾਲ ਹੀ ਰਾਸ਼ਟਰੀ ਸੁਰੱਖਿਆ ਪ੍ਰਰੀਸ਼ਦ ਦੇ ਉਪ ਮੁਖੀ ਮੈਥਿਊ ਪੋਟਿੰਗਰ ਨੇ ਵੀ ਇਸੇ ਤਰ੍ਹਾਂ ਦੀ ਚਿਤਾਵਨੀ ਦਿੱਤੀ ਸੀ। ਇਹ ਦੋਵੇਂ ਟਰੰਪ ਪ੍ਰਸ਼ਾਸਨ ਦੇ ਉਨ੍ਹਾਂ ਕੁਝ ਅਧਿਕਾਰੀਆਂ ਵਿਚ ਸ਼ਾਮਲ ਰਹੇ ਜਿਨ੍ਹਾਂ ਨੇ ਜਨਵਰੀ ਵਿਚ ਆਪਣੇ ਸਾਥੀਆਂ ਨੂੰ ਇਹ ਅਪੀਲ ਕੀਤੀ ਸੀ ਕਿ ਕੋਰੋਨਾ ਦੇ ਵੱਧਦੇ ਖ਼ਤਰੇ 'ਤੇ ਸਖ਼ਤ ਰੁਖ਼ ਅਪਣਾਉਣ ਦੀ ਲੋੜ ਹੈ। ਉਸ ਸਮੇਂ ਹਾਲਾਂਕਿ ਉਨ੍ਹਾਂ ਦੀਆਂ ਚਿਤਾਵਨੀਆਂ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਦੀਆਂ ਚਿੰਤਾਵਾਂ ਨੂੰ ਚੀਨ ਦੇ ਵਤੀਰੇ ਨਾਲ ਜੋੜ ਕੇ ਦੇਖ ਗਿਆ ਸੀ।