ਵਾਸ਼ਿੰਗਟਨ (ਏਜੰਸੀ) : ਅਮਰੀਕਾ 'ਚ ਨਾਜਾਇਜ਼ ਤੌਰ 'ਤੇ ਰਹਿ ਰਹੇ ਸ਼ਰਨਾਰਥੀਆਂ 'ਤੇ ਗਿ੍ਫ਼ਤਾਰੀ ਦੀ ਤਲਵਾਰ ਲਟਕ ਗਈ ਹੈ। ਟਰੰਪ ਪ੍ਰਸ਼ਾਸਨ ਅਜਿਹੇ ਲੋਕਾਂ ਨੂੰ ਗਿ੍ਫ਼ਤਾਰ ਕਰਨ ਲਈ ਦੇਸ਼ ਦੇ ਦਸ ਪ੍ਰਮੁੱਖ ਸ਼ਹਿਰਾਂ 'ਚ ਐਤਵਾਰ ਤੋਂ ਮੁਹਿੰਮ ਛੇੜਨ ਦੀ ਤਿਆਰੀ 'ਚ ਹੈ। ਟਰੰਪ ਪ੍ਰਸ਼ਾਸਨ ਮੈਕਸੀਕੋ ਰਸਤੇ ਅਮਰੀਕਾ 'ਚ ਦਾਖ਼ਲ ਹੋਣ ਵਾਲੇ ਸ਼ਰਨਾਰਥੀਆਂ 'ਤੇ ਪਹਿਲਾਂ ਹੀ ਸਖ਼ਤ ਰੁਖ਼ ਅਖ਼ਤਿਆਰ ਕਰ ਚੁੱਕਿਆ ਹੈ।

ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ (ਆਈਸੀਈ) ਏਜੰਸੀ ਸ਼ਰਨਾਰਥੀਆਂ ਦੇ ਟਿਕਾਣਿਆਂ 'ਤੇ ਛਾਪੇ ਮਾਰੇਗੀ। ਮੁਹਿੰਮ 'ਚ ਫੜੇ ਜਾਣ ਵਾਲੇ ਪਰਿਵਾਰਾਂ ਨੂੰ ਟੈਕਸਾਸ ਤੇ ਪੈਂਸਿਲਵੇਨੀਆ 'ਚ ਬਣਾਏ ਗਏ ਹਿਰਾਸਤ ਕੇਂਦਰਾਂ 'ਚ ਰੱਖਿਆ ਜਾਵੇਗਾ। ਥਾਂ ਦੀ ਘਾਟ 'ਚ ਕੁਝ ਲੋਕਾਂ ਨੂੰ ਹੋਟਲ 'ਚ ਰੱਖਿਆ ਜਾ ਸਕਦਾ ਹੈ। ਆਈਸੀਈ ਦੇ ਬੁਲਾਰੇ ਮੈਥਿਊ ਬੋਰਕ ਨੇ ਦੱਸਿਆ ਕਿ ਏਜੰਸੀ ਦੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਮੁਹਿੰਮ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ।

ਦੋ ਹਜ਼ਾਰ ਸ਼ਰਨਾਰਥੀ ਨਿਸ਼ਾਨੇ 'ਤੇ

ਅਧਿਕਾਰੀਆਂ ਮੁਤਾਬਕ, ਆਈਸੀਈ ਦੇ ਅਧਿਕਾਰੀ ਪਹਿਲਾਂ ਉਨ੍ਹਾਂ ਦੋ ਹਜ਼ਾਰ ਸ਼ਰਨਾਰਥੀਆਂ ਨੂੰ ਨਿਸ਼ਾਨਾ ਬਣਾਉਣਗੇ, ਜਿਨ੍ਹਾਂ ਨੂੰ ਜਲਾਵਤਨ ਕੀਤੇ ਜਾਣ ਦੇ ਹੁਕਮ ਹਨ। ਉਹ ਗ਼ੈਰ ਕਾਨੂੰਨੀ ਢੰਗ ਨਾਲ ਦੇਸ਼ 'ਚ ਰਹਿ ਰਹੇ ਹਨ। ਇਨ੍ਹਾਂ ਲੋਕਾਂ ਨੂੰ ਬੀਤੀ ਫਰਵਰੀ 'ਚ ਨੋਟਿਸ ਦੇ ਕੇ ਦੇਸ਼ ਛੱਡਣ ਲਈ ਕਿਹਾ ਗਿਆ ਸੀ। ਇਨ੍ਹਾਂ 'ਚੋਂ ਕੁਝ ਅਜਿਹੇ ਵੀ ਹਨ, ਜਿਹੜੇ ਅਦਾਲਤ 'ਚ ਪੇਸ਼ ਨਹੀਂ ਹੋਏ। ਇਸ ਲਈ ਉਨ੍ਹਾਂ ਨੂੰ ਜਲਾਵਤਨ ਕੀਤੇ ਜਾਣ ਦਾ ਹੁਕਮ ਜਾਰੀ ਕੀਤਾ ਗਿਆ ਸੀ।

ਜੂਨ 'ਚ ਰੱਦ ਹੋਈ ਸੀ ਮੁਹਿੰਮ

ਬੀਤੀ ਜੂਨ 'ਚ ਅਮਰੀਕਾ ਦੇ ਕਾਰਜਕਾਰੀ ਗ੍ਰਹਿ ਸੁਰੱਖਿਆ ਮੰਤਰੀ ਕੇਵਿਨ ਮੈਕਲੇਨਨ ਨੇ ਸ਼ਰਨਾਰਥੀਆਂ ਨੂੰ ਗਿ੍ਫ਼ਤਾਰ ਕਰਨ ਦੀ ਮੁਹਿੰਮ ਦਾ ਸਮਰਥਨ ਨਹੀਂ ਕੀਤਾ ਸੀ। ਉਨ੍ਹਾਂ ਨੇ ਆਈਸੀਈ ਦੇ ਡਾਇਰੈਕਟਰ ਮਾਰਕ ਮੋਰਗਨ ਨੂੰ ਮੁਹਿੰਮ ਰੱਦ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਮੋਰਗਨ ਨੇ ਸਿੱਧਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸੰਪਰਕ ਕੀਤਾ ਸੀ।

ਸਰਨਾਰਥੀਆਂ ਦੀ ਗਿਣਤੀ 'ਚ ਗਿਰਾਵਟ

ਅਮਰੀਕਾ ਦੇ ਅਧਿਕਾਰੀਆਂ ਨੇ ਇਸ ਸਾਲ ਮੈਕਸੀਕੋ ਨਾਲ ਲੱਗਦੀ ਦੱਖਣੀ ਸਰਹੱਦ 'ਤੇ ਕਰੀਬ ਛੇ ਲੱਖ 64 ਹਜ਼ਾਰ ਸ਼ਰਨਾਰਥੀ ਫੜੇ। ਇਕੱਲੇ ਮਈ 'ਚ ਹੀ ਇਕ ਲੱਖ 44 ਹਜ਼ਾਰ ਸ਼ਰਨਾਰਥੀ ਫੜੇ ਗਏ ਸਨ। ਹਾਲਾਂਕਿ ਮਈ ਤੋਂ ਬਾਅਦ ਸ਼ਰਨਾਰਥੀਆਂ ਦੀ ਗਿਣਤੀ 'ਚ ਗਿਰਾਵਟ ਦਰਜ ਕੀਤੀ ਗਈ ਹੈ।

ਇਨ੍ਹਾਂ ਦੇਸ਼ਾਂ ਤੋਂ ਆਉਂਦੇ ਹਨ ਸ਼ਰਨਾਰਥੀ

ਬਿਹਤਰ ਜ਼ਿੰਦਗੀ ਦੀ ਭਾਲ 'ਚ ਹਰ ਸਾਲ ਵੱਡੀ ਗਿਣਤੀ 'ਚ ਮੱਧ ਅਮਰੀਕੀ ਦੇਸ਼ਾਂ ਹੈਂਡੁਰਾਸ, ਅਲ-ਸਲਵਾਡੋਰ ਤੇ ਗਵਾਟੇਮਾਲਾ ਦੇ ਸ਼ਰਨਾਰਥੀ ਮੈਕਸੀਕੋ ਰਸਤੇ ਅਮਰੀਕਾ ਪਹੁੰਚਣ ਦਾ ਯਤਨ ਕਰਦੇ ਹਨ।