ਵਾਸ਼ਿੰਗਟਨ (ਏਜੰਸੀਆਂ) : ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੈਨੇਟ ਨੇ ਦੂਜੀ ਵਾਰ ਮਹਾਦੋਸ਼ ਦੇ ਮੁਕੱਦਮੇ ਤੋਂ ਬਰੀ ਕਰ ਦਿੱਤਾ ਹੈ। ਛੇ ਜਨਵਰੀ ਨੂੰ ਅਮਰੀਕੀ ਸੰਸਦ 'ਚ ਹੋਏ ਦੰਗੇ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਦੀ ਪ੍ਰਕਿਰਿਆ ਚਲਾਈ ਗਈ ਸੀ। 57 ਸੈਨੇਟਰਾਂ ਨੇ ਜਿੱਥੇ ਇਸ ਦੇ ਪੱਖ ਵਿਚ ਵੋਟ ਦਿੱਤਾ ਉੱਥੇ 43 ਸੈਨੇਟਰਾਂ ਨੇ ਵਿਰੋਧ ਵਿਚ ਵੋਟ ਪਾਏ। ਦੋਸ਼ੀ ਕਰਾਰ ਦੇਣ ਲਈ ਦੋ-ਤਿਹਾਈ ਵੋਟ ਨਾ ਮਿਲਣ ਕਾਰਨ ਟਰੰਪ ਨੂੰ ਬਰੀ ਕਰ ਦਿੱਤਾ ਗਿਆ। ਸਾਰੇ 50 ਡੈਮੋਕ੍ਰੇਟ ਦੇ ਨਾਲ ਸੱਤ ਰਿਪਬਲਿਕਨ ਸੈਨੇਟਰਾਂ ਨੇ ਵੀ ਕਾਰਵਾਈ ਦੇ ਪੱਖ ਵਿਚ ਵੋਟਿੰਗ ਕੀਤੀ।

ਦੱਸਣਯੋਗ ਹੈ ਕਿ 100 ਮੈਂਬਰੀ ਸੈਨੇਟ ਵਿਚ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੋਵਾਂ ਦੇ 50-50 ਐੱਮਪੀਜ਼ ਹਨ। ਮਹਾਦੋਸ਼ ਵਿਚ ਟਰੰਪ ਨੂੰ ਦੋਸ਼ੀ ਠਹਿਰਾਉਣ ਲਈ ਦੋ-ਤਿਹਾਈ ਵੋਟ ਯਾਨੀ 67 ਵੋਟਾਂ ਦੀ ਲੋੜ ਸੀ। ਜੇਕਰ ਕਿਸੇ ਕਾਰਨ ਟਾਈ ਦੀ ਸਥਿਤੀ ਬਣਦੀ ਤਾਂ ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਆਪਣਾ ਵੋਟ ਪਾਉਂਦੀ। ਉਧਰ, ਵਾਸ਼ਿੰਗਟਨ ਪੋਸਟ ਨੇ ਕਿਹਾ ਹੈ ਕਿ ਮਹਾਦੋਸ਼ ਤੋਂ ਬਰੀ ਹੋਣਾ ਇਹ ਦਿਖਾਉਂਦਾ ਹੈ ਕਿ ਭਾਵੇਂ ਰਿਪਬਲਿਕਨ ਦਾ ਵ੍ਹਾਈਟ ਹਾਊਸ ਅਤੇ ਸੰਸਦ 'ਤੇ ਕੰਟਰੋਲ ਨਾ ਰਿਹਾ ਹੋਵੇ ਪ੍ਰੰਤੂ ਸਾਬਕਾ ਰਾਸ਼ਟਰਪਤੀ ਦੀ ਪਾਰਟੀ 'ਤੇ ਪਕੜ ਪਹਿਲੇ ਵਰਗੀ ਹੀ ਹੈ।

ਪ੍ਰਤੀਨਿਧੀ ਸਭਾ ਨੇ ਚਲਾਇਆ ਦੋ ਵਾਰ ਮਹਾਦੋਸ਼

ਟਰੰਪ ਅਮਰੀਕੀ ਇਤਿਹਾਸ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜਿਨ੍ਹਾਂ ਖ਼ਿਲਾਫ਼ ਪ੍ਰਤੀਨਿਧੀ ਸਭਾ ਵੱਲੋਂ ਦੋ ਵਾਰ ਮਹਾਦੋਸ਼ ਚਲਾਇਆ ਗਿਆ। ਉਹ ਪਹਿਲੇ ਅਜਿਹੇ ਸਾਬਕਾ ਰਾਸ਼ਟਰਪਤੀ ਹਨ ਜਿਨ੍ਹਾਂ 'ਤੇ ਅਹੁਦੇ ਤੋਂ ਹਟਣ ਪਿੱਛੋਂ ਮਹਾਦੋਸ਼ ਚਲਾਇਆ ਗਿਆ। ਇਸ ਤੋਂ ਪਹਿਲੇ ਸੈਨੇਟ ਉਨ੍ਹਾਂ ਨੂੰ ਪੰਜ ਫਰਵਰੀ 2020 ਨੂੰ ਵੀ ਇਕ ਵਾਰ ਬਰੀ ਕਰ ਚੁੱਕੀ ਹੈ। ਉਨ੍ਹਾਂ 'ਤੇ ਸੰਸਦ ਦੇ ਕੰਮਾਂ ਵਿਚ ਰੁਕਾਵਟ ਦੇ ਨਾਲ ਸ਼ਕਤੀਆਂ ਦੀ ਦੁਰਵਰਤੋਂ ਦਾ ਦੋਸ਼ ਲੱਗਾ ਸੀ। ਡੈਮੋਕ੍ਰੇਟ ਨੇ ਦਸੰਬਰ 2019 ਵਿਚ ਦੋਸ਼ ਲਗਾਇਆ ਸੀ ਕਿ ਟਰੰਪ ਨੇ ਵਿਰੋਧੀ ਬਾਇਡਨ ਨੂੰ ਭਿ੍ਸ਼ਟਾਚਾਰ ਵਿਚ ਲਪੇਟਣ ਲਈ ਯੂਕਰੇਨ 'ਤੇ ਦਬਾਅ ਪਾਇਆ ਸੀ।

ਮੇਰਾ ਸਿਆਸੀ ਕਰੀਅਰ ਖ਼ਤਮ ਕਰਨ ਦਾ ਯਤਨ ਨਾਕਾਮ ਹੋ ਗਿਆ : ਟਰੰਪ

ਫ਼ੈਸਲੇ ਦੇ ਐਲਾਨ ਦੇ ਕੁਝ ਦੇਰ ਪਿੱਛੋਂ ਹੀ ਟਰੰਪ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੋਈ ਵੀ ਰਾਸ਼ਟਰਪਤੀ ਇਸ ਤਰ੍ਹਾਂ ਦੀ ਕਾਰਵਾਈ ਤੋਂ ਨਹੀਂ ਲੰਿਘਆ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਦੁੱਖ ਹੋ ਰਿਹਾ ਹੈ ਕਿ ਇਕ ਸਿਆਸੀ ਪਾਰਟੀ ਨੂੰ ਕਾਨੂੰਨ ਦੇ ਸ਼ਾਸਨ ਨੂੰ ਬਦਨਾਮ ਕਰਨ ਲਈ ਖੁੱਲੀ ਛੋਟ ਦੇ ਦਿੱਤੀ ਗਈ ਹੈ। ਆਪਣੇ ਵਕੀਲਾਂ ਦਾ ਧੰਨਵਾਦ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਖ਼ਤਮ ਕਰਨ ਦਾ ਡੈਮੋਕ੍ਰੇਟਸ ਦਾ ਯਤਨ ਵੀ ਨਾਕਾਮ ਹੋ ਗਿਆ। ਆਪਣੇ ਸਮਰਥਕਾਂ ਨੂੰ ਟਰੰਪ ਨੇ ਕਿਹਾ ਕਿ 'ਮੇਕ ਅਮਰੀਕਾ ਗ੍ਰੇਟ ਅਗੇਨ' ਵਾਸਤਵ ਵਿਚ ਹੁਣ ਸ਼ੁਰੂ ਹੋਇਆ ਹੈ। ਆਉਣ ਵਾਲੇ ਮਹੀਨੇ ਵਿਚ ਤੁਹਾਡੇ ਨਾਲ ਸਾਂਝਾ ਕਰਨ ਲਈ ਬਹੁਤ ਕੁਝ ਹੈ। ਅਮਰੀਕੀ ਮਹਾਨਤਾ ਨੂੰ ਹਾਸਲ ਕਰਨ ਲਈ ਇਸ ਯਾਤਰਾ ਨੂੰ ਜਾਰੀ ਰੱਖਣ ਲਈ ਤਤਪਰ ਹਾਂ।

ਸੱਚਾਈ ਦੀ ਰੱਖਿਆ ਕਰਨਾ ਹਰੇਕ ਅਮਰੀਕੀ ਦਾ ਦਾਇਤਵ : ਬਾਇਡਨ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਸੈਨੇਟ ਵੱਲੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੈਪੀਟਲ (ਸੰਸਦ ਭਵਨ) ਵਿਚ ਛੇ ਜਨਵਰੀ ਨੂੰ ਹੋਈ ਹਿੰਸਾ ਮਾਮਲੇ ਵਿਚ ਬਰੀ ਕੀਤਾ ਜਾਣਾ ਇਹ ਯਾਦ ਦਿਵਾਉਂਦਾ ਹੈ ਕਿ ਲੋਕਤੰਤਰ ਨਾਜ਼ੁਕ ਹੈ ਅਤੇ ਸੱਚਾਈ ਦੀ ਰੱਖਿਆ ਕਰਨਾ ਹਰ ਅਮਰੀਕੀ ਦਾ ਦਾਇਤਵ ਹੈ। ਬਾਇਡਨ ਨੇ ਟਰੰਪ ਨੂੰ ਸੈਨੇਟ ਵਿਚ ਬਰੀ ਕੀਤੇ ਜਾਣ ਪਿੱਛੋਂ ਸ਼ਨਿਚਰਵਾਰ ਦੇਰ ਰਾਤ ਜਾਰੀ ਬਿਆਨ ਵਿਚ ਕਿਹਾ ਕਿ ਹਿੰਸਾ ਅਤੇ ਕੱਟੜਵਾਦ ਦੀ ਅਮਰੀਕਾ ਵਿਚ ਕੋਈ ਥਾਂ ਨਹੀਂ ਹੈ ਅਤੇ ਸੱਚ ਦਾ ਬਚਾਅ ਕਰਨਾ ਅਤੇ ਝੂਠ ਨੂੰ ਹਰਾਉਣਾ ਅਮਰੀਕੀ ਖ਼ਾਸ ਕਰ ਕੇ ਨੇਤਾਵਾਂ ਦੇ ਤੌਰ 'ਤੇ ਸਾਡੀ ਸਭ ਦੀ ਜ਼ਿੰਮੇਵਾਰੀ ਹੈ।

ਕੋਟ

ਸੈਨੇਟ ਵਿਚ ਟਰੰਪ ਦੇ ਪੱਖ ਵਿਚ ਵੋਟ ਕਰਨ ਵਾਲੇ ਇਕ ਤਰ੍ਹਾਂ ਨਾਲ ਕਾਇਰ ਸਨ। ਅਜਿਹਾ ਕਰਨ ਵਾਲਿਆਂ ਨੇ ਸੰਵਿਧਾਨ, ਦੇਸ਼ ਅਤੇ ਅਮਰੀਕੀ ਲੋਕਾਂ ਦੇ ਬਾਰੇ ਵਿਚ ਬਿਲਕੁਲ ਵੀ ਨਹੀਂ ਸੋਚਿਆ।

-ਨੈਂਸੀ ਪੇਲੋਸੀ, ਸਪੀਕਰ, ਪ੍ਰਤੀਨਿਧੀ ਸਭਾ