ਜੇਐੱਨਐੱਨ, ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਚੱਲ ਰਹੀ ਮਹਾਦੋਸ਼ ਜਾਂਚ ਦੀ ਮੁੱਢਲੀ ਰਿਪੋਰਟ ਜਾਰੀ ਹੋ ਗਈ ਹੈ। ਡੈਮੋਕ੍ਰੇਟਿਕ ਪਾਰਟੀ ਦੇ ਬਹੁਮਤ ਵਾਲੀ ਅਮਰੀਕੀ ਸਦਨ ਦੀ ਨਿਆਇਕ ਕਮੇਟੀ ਨੇ ਬੁੱਧਵਾਰ ਸਵੇਰੇ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ 'ਚ ਡੋਨਾਲਡ ਟਰੰਪ ਨੂੰ ਆਪਣੇ ਨਿੱਜੀ ਤੇ ਸਿਆਸੀ ਉਦੇਸ਼ਾਂ ਲਈ ਦੇਸ਼ ਹਿੱਤ ਨਾਲ ਸਮਝੌਤਾ ਕਰਨ ਤੇ ਆਪਣੀਆਂ ਦਫ਼ਤਰੀ ਤਾਕਤਾਂ ਦੀ ਗ਼ਲਤ ਵਰਤੋਂ ਕਰਦਿਆਂ ਆਗਾਮੀ ਰਾਸ਼ਟਰਪਤੀ ਚੋਣਾਂ 'ਚ ਆਪਣੇ ਹੱਕ 'ਚ ਵਿਦੇਸ਼ੀ ਮਦਦ ਮੰਗਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੂਸਰੇ ਪਾਸੇ ਵ੍ਹਾਈਟ ਹਾਊਸ ਦੇ ਬੁਲਾਰੇ ਨੇ ਇਸ ਰਿਪੋਰਟ ਦੀ ਨਿਖੇਧੀ ਕਰਦਿਆਂ ਇਸ ਨੂੰ ਇਕਪਾਸੜ ਝੂਠੀ ਕਾਰਵਾਈ ਕਰਾਰ ਦਿੱਤਾ ਹੈ।

ਜਾਂਚ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕ੍ਰੇਨ ਨੂੰ ਸਾਬਕਾ ਰਾਸ਼ਟਰਪਤੀ ਜੋ ਬਿਡਨ ਤੇ ਉਨ੍ਹਾਂ ਦੇ ਪੁੱਤਰ ਨਾਲ ਜੁੜੀਆਂ ਕੰਪਨੀਆਂ ਖ਼ਿਲਾਫ਼ ਆਪਣੇ ਉੱਥੇ ਜਾਂਚ ਸ਼ੁਰੂ ਕਰਨ ਸਬੰਧੀ ਕਈ ਪ੍ਰਸਤਾਵ ਦਿੱਤੇ ਸਨ। ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਬਣਾਉਣ ਦੀ ਮੁਹਿੰਮ 'ਚ ਮਦਦ ਲਈ ਯੂਕ੍ਰੇਨ ਦੇ ਰਾਸ਼ਟਰਪਤੀ ਨੂੰ ਫ਼ੌਜੀ ਮਦਦ ਦੇਣ ਦਾ ਵਾਅਦਾ ਕੀਤਾ ਗਿਆ ਸੀ। ਟਰੰਪ ਤੇ ਯੂਕ੍ਰੇਨ ਦੇ ਰਾਸ਼ਟਰਪਤੀ ਵਿਚਕਾਰ ਫੋਨ 'ਤੇ ਗੱਲਬਾਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

300 ਪੰਨਿਆਂ ਦੀ ਰਿਪੋਰਟ 'ਚ ਟਰੰਪ 'ਤੇ ਕਈ ਦੋਸ਼

300 ਪੰਨਿਆਂ ਦੀ ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਇਤਿਹਾਸ 'ਚ ਟਰੰਪ ਨੂੰ ਛੱਡ ਕੇ ਕਿਸੇ ਵੀ ਰਾਸ਼ਟਰਪਤੀ ਨੇ ਐਗਜ਼ੀਕਿਊਟਿਵ ਅਧਿਕਾਰੀਆਂ ਨੂੰ ਸੰਸਦ ਸਾਹਮਣੇ ਗਵਾਹੀ ਨਾ ਦੇਣ ਦਾ ਸਿੱਧਾ ਹੁਕਮ ਨਹੀਂ ਦਿੱਤਾ ਹੈ। ਰਿਪੋਰਟ ਮੁਤਾਬਿਕ ਡੋਨਾਲਡ ਟਰੰਪ ਨੇ ਸੰਸਦੀ ਗਵਾਹਾਂ ਨੂੰ ਜਨਤਕ ਰੂਪ 'ਚ ਧਮਕੀ ਦਿੱਤੀ ਜੋ ਸੰਘੀ ਅਪਰਾਧ ਹੈ। ਰਿਪੋਰਟ 'ਚ ਟਰੰਪ 'ਤੇ ਮਹਾਦੋਸ਼ ਜਾਂਚ 'ਚ ਅੜਿੱਕਾ ਪਾਉਣ ਦੇ ਯਤਨ ਦਾ ਦੋਸ਼ ਵੀ ਲਗਾਇਆ ਗਿਆ ਹੈ। ਰਿਪੋਰਟ 'ਚ ਜਾਂਚ ਨੂੰ ਅੱਗੇ ਵੀ ਜਾਰੀ ਰੱਖਣ ਲਈ ਸਿਫ਼ਾਰਸ਼ ਕੀਤੀ ਗਈ ਹੈ।

Posted By: Seema Anand