ਨਿਊਯਾਰਕ (ਪੀਟੀਆਈ) : ਅਮਰੀਕਾ ਦੇ ਨਿਊਜਰਸੀ ਸੂਬੇ ਵਿਚ ਇਕ ਸਿੱਖ ਵਿਦਿਆਰਥੀ ਨੂੰ ਸਤਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਸਿੱਖਿਆ ਬੋਰਡ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਇਸ ਵਿਚ ਇਹ ਦੋਸ਼ ਲਗਾਇਆ ਗਿਆ ਹੈ ਕਿ ਉਸ ਦੇ ਧਰਮ ਕਾਰਨ ਡਰਾਇਆ-ਧਮਕਾਇਆ ਗਿਆ ਅਤੇ ਲੰਬੇ ਸਮੇਂ ਤਕ ਤੰਗ ਪਰੇਸ਼ਾਨ ਕਰਨ ਕਾਰਨ ਉਸ ਨੂੰ ਸਕੂਲ ਛੱਡਣਾ ਪਿਆ।

ਸਿੱਖ ਭਾਈਚਾਰੇ ਦੇ ਸੰਗਠਨ ਸਿੱਖ ਕੁਲੀਸ਼ਨ ਨੇ ਕਿਹਾ ਕਿ ਉਸ ਨੇ ਕਾਨੂੰਨ ਦਫ਼ਤਰ ਦੇ ਸਹਿ ਵਕੀਲ ਬ੍ਰਾਇਨ ਐੱਮ ਕਿਗੇ ਨਾਲ ਮਿਲ ਕੇ ਨਿਊਜਰਸੀ ਦੇ ਸੀਵੇਲ ਸਥਿਤ ਗਲੂਸੈਸਟਰ ਕਾਊਂਟੀ ਸਪੈਸ਼ਲ ਸਰਵਿਸਿਜ਼ ਸਕੂਲ ਡਿਸਟਿ੍ਕਟ ਬੋਰਡ ਆਫ ਐਜੂਕੇਸ਼ਨ ਖ਼ਿਲਾਫ਼ ਮੁਕੱਦਮਾ ਕੀਤਾ ਹੈ। ਇਹ ਮਾਮਲਾ ਗਲੂਸੈਸਟਰ ਕਾਊਂਟੀ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਪੜ੍ਹਨ ਵਾਲੇ ਇਕ ਸਿੱਖ ਵਿਦਿਆਰਥੀ ਨਾਲ ਜੁੜਿਆ ਹੈ। ਨਾਬਾਲਿਗ ਹੋਣ ਕਾਰਨ ਉਸ ਦਾ ਨਾਂ ਨਸ਼ਰ ਨਹੀਂ ਕੀਤਾ ਗਿਆ ਹੈ। ਇਹ ਦੋਸ਼ ਹੈ ਕਿ ਸਾਲ 2018 ਤੋਂ ਵਿਦਿਆਰਥੀ ਨੂੰ ਡਰਾਇਆ-ਧਮਕਾਇਆ ਜਾ ਰਿਹਾ ਸੀ। ਵਿਦਿਆਰਥੀ ਦੀ ਮਾਂ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਜਿਸ ਕਸ਼ਟ ਦਾ ਸਾਹਮਣਾ ਕਰਨਾ ਪਿਆ ਉਹੋ ਜਿਹਾ ਕਿਸੇ ਬੱਚੇ ਨਾਲ ਨਹੀਂ ਹੋਣਾ ਚਾਹੀਦਾ। ਮੈਨੂੰ ਉਮੀਦ ਹੈ ਕਿ ਅਦਾਲਤ ਇਸ ਨੂੰ ਡਰਾਉਣ-ਧਮਕਾਉਣ ਦਾ ਮਾਮਲਾ ਮੰਨੇਗੀ ਅਤੇ ਨਿਰਣਾਇਕ ਕਾਰਵਾਈ ਕਰੇਗੀ। ਇਸ ਨਾਲ ਮੇਰੇ ਪੁੱਤਰ ਨੂੰ ਨਿਆਂ ਮਿਲਣ ਦੇ ਨਾਲ ਹੀ ਜ਼ਿਲ੍ਹੇ 'ਚ ਸਾਰੇ ਵਿਦਿਆਰਥੀਆਂ ਲਈ ਪੜ੍ਹਾਈ ਦਾ ਸੁਰੱਖਿਅਤ ਮਾਹੌਲ ਵੀ ਬਣੇਗਾ। ਦੱਸਣਯੋਗ ਹੈ ਕਿ ਇਸ ਵਿਦਿਆਰਥੀ ਨੂੰ ਸਿਰ 'ਤੇ ਕੇਸ ਰੱਖਣ ਅਤੇ ਕਕਾਰਾਂ ਕਾਰਨ ਸਤਾਇਆ ਜਾ ਰਿਹਾ ਸੀ ਤੇ ਉਸ ਦੇ ਕਈ ਨਿਕਨੇਮ ਰੱਖ ਕੇ ਉਸ ਨੂੰ ਹਮੇਸ਼ਾ ਪਰੇਸ਼ਾਨ ਕੀਤਾ ਜਾਂਦਾ ਰਿਹਾ।