ਲਾਸ ਏਂਜਲਸ (ਏਜੰਸੀਆਂ) : ਅਮਰੀਕਾ 'ਚ ਫਿਰ ਗੋਲ਼ੀਬਾਰੀ ਦੀ ਘਟਨਾ ਹੋਈ ਹੈ। ਇਸ ਵਾਰ ਓਟਾਹ ਸੂਬੇ ਦੇ ਇਕ ਘਰ ਵਿਚ ਹੋਈ ਗੋਲ਼ੀਬਾਰੀ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਗਿ੍ਫ਼ਤਾਰ ਕਰ ਲਿਆ ਹੈ। ਰਾਜ ਦੀ ਰਾਜਧਾਨੀ ਸਾਲਟਲੇਕ ਸਿਟੀ ਦੇ ਬਾਹਰੀ ਇਲਾਕੇ ਗ੍ਰਾਂਟਟਸਵਿਲੇ ਵਿਚ ਸ਼ੁੱਕਰਵਾਰ ਰਾਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਲਗਪਗ 10 ਹਜ਼ਾਰ ਲੋਕ ਰਹਿੰਦੇ ਹਨ।

ਗ੍ਰਾਂਟਟਸਵਿਲੇ ਦੀ ਪੁਲਿਸ ਅਧਿਕਾਰੀ ਰੋਹਾਂਡਾ ਫੀਲਡਸ ਨੇ ਮੀਡੀਆ ਨੂੰ ਦੱਸਿਆ ਕਿ ਪੰਜ ਲੋਕਾਂ ਨੂੰ ਗੋਲ਼ੀ ਮਾਰੀ ਗਈ ਸੀ ਜਿਨ੍ਹਾਂ ਵਿਚੋਂ ਚਾਰ ਦੀ ਮੌਤ ਹੋ ਗਈ। ਮਿ੍ਤਕਾਂ ਦੀ ਸ਼ਨਾਖਤ ਤਾਂ ਕਰ ਲਈ ਗਈ ਹੈ ਪ੍ਰੰਤੂ ਜ਼ਖ਼ਮੀ ਵਿਅਕਤੀ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਮਿਲ ਸਕੀ। ਘਟਨਾ ਦੀ ਸੂਚਨਾ ਦੇਣ ਲਈ ਪੀੜਤਾਂ ਦੇ ਰਿਸ਼ਤੇਦਾਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਨੇ ਪੀੜਤਾਂ ਅਤੇ ਸ਼ੱਕੀ ਹਮਲਾਵਰ ਦੇ ਨਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਗ੍ਰਾਂਟਟਸਵਿਲੇ ਦੇ ਮੇਅਰ ਬ੍ਰੇਂਟ ਮਾਰਸ਼ਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੀੜਤ ਅਤੇ ਹਮਲਾਵਰ ਇਕ ਹੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਹ ਪਤਾ ਕਰਨ ਵਿਚ ਸਮਾਂ ਲੱਗ ਸਕਦਾ ਹੈ ਕਿ ਆਖਿਰ ਇਹ ਘਟਨਾ ਕਿਉਂ ਹੋਈ। ਓਟਾਹ ਸੂਬੇ ਦੇ ਗਵਰਨਰ ਗੈਰੀ ਹਰਬਰਟ ਨੇ ਟਵੀਟ ਕਰ ਕੇ ਸਮੁੱਚੀ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।