ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਸਾਲਾਨਾ ਮੁਕਾਬਲੇ ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੰਜ 'ਚ ਭਾਰਤੀ ਵਿਦਿਆਰਥੀ ਛਾਏ ਰਹੇ। ਭਾਰਤ ਦੀਆਂ ਤਿੰਨ ਟੀਮਾਂ ਇਸ ਮੁਕਾਬਲੇ 'ਚ ਪੁਰਸਕਾਰ ਜਿੱਤਣ 'ਚ ਕਾਮਯਾਬ ਰਹੀਆਂ। ਉਨ੍ਹਾਂ ਦੀ ਝੋਲੀ 'ਚ ਚਾਰ ਪੁਰਸਕਾਰ ਆਏ। ਇਹ ਮੁਕਾਬਲਾ ਹਾਈ ਸਕੂਲ ਤੇ ਕਾਲਜ ਪੱਧਰ ਦੇ ਵਿਦਿਆਰਥੀਆਂ ਲਈ ਹੁੰਦਾ ਹੈ। ਇਸ 'ਚ ਭਵਿੱਖ ਦੇ ਚੰਦਰਮਾ, ਮੰਗਲ ਅਤੇ ਹੋਰ ਪੁਲਾੜ ਮੁਹਿੰਮਾਂ ਲਈ ਰੋਵਰ ਬਣਾਉਣ ਦੇ ਮੁਕਾਬਲੇ ਹੁੰਦੇ ਹਨ।

ਨਾਸਾ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸਥਿਤ ਕੇਆਈਈਟੀ ਗਰੁੱਪ ਆਫ ਇੰਸਟੀਚਿਊਟ ਨੇ 'ਏਆਈਏਏ ਨੀਲ ਆਰਮਸਟ੍ਰਾਂਗ ਬੈਸਟ ਡਿਜ਼ਾਈਨ ਐਵਾਰਡ' ਜਿੱਤਿਆ ਹੈ। ਮੁੰਬਈ ਦੇ ਮੁਕੇਸ਼ ਪਟੇਲ ਸਕੂਲ ਆਫ ਟੈਕਨਾਲੋਜੀ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਨੇ 'ਫ੍ਰੈਂਕ ਜੋ ਸੈਕਸਟਨ ਮੈਮੋਰੀਅਲ ਪਿਟ ਕਰਿਊ ਐਵਾਰਡ' 'ਤੇ ਕਬਜ਼ਾ ਜਮਾਇਆ। ਇਸ ਤੋਂ ਇਲਾਵਾ ਇਸ ਸਕੂਲ ਦੀ ਟੀਮ ਨੂੰ 'ਸਿਸਟਮ ਸੇਫਟੀ ਚੈਲੰਜ ਐਵਾਰਡ' ਨਾਲ ਵੀ ਨਵਾਜਿਆ ਗਿਆ। ਪੰਜਾਬ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਟੀਮ 'ਐੱਸਟੀਈਐੱਮ ਐਂਗੇਜਮੈਂਟ ਐਵਾਰਡ' ਜਿੱਤਣ 'ਚ ਸਫਲ ਰਹੀ।

ਸੌ ਟੀਮਾਂ ਹੋਈਆਂ ਸਨ ਸ਼ਾਮਲ

ਮੁਕਾਬਲੇ 'ਚ ਅਮਰੀਕਾ, ਭਾਰਤ, ਬ੍ਰਾਜ਼ੀਲ, ਬੰਗਲਾਦੇਸ਼, ਮਿਸਰ, ਜਰਮਨੀ ਤੇ ਮੈਕਸੀਕੋ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਕਰੀਬ 100 ਟੀਮਾਂ ਨੇ ਹਿੱਸਾ ਲਿਆ।

ਸੁਨੀਤਾ ਵਿਲੀਅਮਸ ਵੀ ਪਹੁੰਚੀ

ਨਾਸਾ ਦੀ ਭਾਰਤਵੰਸ਼ੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਮੁਕਾਬਲੇ ਦੇ ਦੂਜੇ ਦਿਨ ਪਹੁੰਚੀ ਤੇ ਟੀਮਾਂ ਨਾਲ ਗੱਲਬਾਤ ਕੀਤੀ। ਦੋ ਵਾਰੀ ਪੁਲਾੜ ਦੀ ਯਾਤਰਾ ਕਰਨ ਵਾਲੀ ਸੁਨੀਤਾ ਨੇ ਮੁਕਾਬਲੇ ਦੀਆਂ ਕਈ ਸਰਗਰਮੀਆਂ 'ਚ ਹਿੱਸਾ ਵੀ ਲਿਆ।

ਜਰਮਨ ਇੰਸਟੀਚਿਊਟ ਪਹਿਲੇ ਸਥਾਨ 'ਤੇ

ਜਰਮਨੀ ਦੇ ਇੰਟਰਨੈਸ਼ਨਲ ਸਪੇਸ ਐਜੂਕੇਸ਼ਨ ਇੰਸਟੀਚਿਊਟ ਨੇ ਹਾਈ ਸਕੂਲ ਸ਼੍ਰੇਣੀ 'ਚ 91 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਸ਼੍ਰੇਣੀ 'ਚ ਯੂਨੀਵਰਸਿਟੀ ਪਿਊਰਟੋਰਿਕੋ ਮਾਇਆਗੇਜ਼ ਦੀ ਟੀਮ 101 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹੀ।

ਮੁਕਾਬਲੇ ਦੇ 25 ਸਾਲ

ਨਾਸਾ ਮੁਤਾਬਕ, ਇਹ ਮੁਕਾਬਲਾ 12 ਅਤੇ 13 ਅਪ੍ਰੈਲ ਨੂੰ ਅਮਰੀਕੀ ਸਪੇਸ ਐਂਡ ਰਾਕਟ ਸੈਂਟਰ 'ਚ ਹੋਇਆ ਸੀ। ਇਸਦੀ ਮੇਜ਼ਬਾਨੀ ਨਾਸਾ ਦੇ ਮਾਰਸ਼ਲ ਸਪੇਸ ਫਲਾਈਟ ਸੈਂਟਰ ਨੇ ਕੀਤੀ। ਇਸ ਮੁਕਾਬਲੇ ਨੂੰ ਇਸ ਸਾਲ 25 ਸਾਲ ਪੂਰੇ ਹੋ ਗਏ।