ਅਮਰੀਕਾ 'ਚ ਫਿਲਮ ਤੇ ਟੈਲੀਵਿਜ਼ਨ ਦੇ ਖੇਤਰ 'ਚ ਦਿੱਤੇ ਜਾਣ ਵਾਲੇ ਗੋਲਡਨ ਗਲੋਬ ਐਵਾਰਡਜ਼ ਦੀ 76ਵੀਂ ਲੜੀ ਆਪਣੀ ਵੰਨਸੁਵੰਨਤਾ ਲਈ ਜਾਣੀ ਜਾਵੇਗੀ। ਇਸ ਸਾਲ ਨਾ ਸਿਰਫ਼ ਕਈ ਕਾਲਿਆਂ ਨੇ ਪੁਰਸਕਾਰ ਆਪਣੇ ਨਾਂ ਕੀਤੇ ਬਲਕਿ ਬਲਕਿ ਅਫ਼ਰੀਕਾ ਤੇ ਏਸ਼ੀਆ ਅਧਾਰਤ ਕਈ ਫਿਲਮਾਂ ਨੂੰ ਪੁਰਸਕਾਰ ਲਈ ਨਾਮਜ਼ਦ ਵੀ ਕੀਤਾ ਗਿਆ ਸੀ। ਐਤਵਾਰ ਨੂੰ ਪੁਰਸਕਾਰ ਸਮਾਰੋਹ ਨੂੰ ਹੋਸਟ ਕਰਨ ਵਾਲੀ ਅਦਾਕਾਰਾ ਸੈਂਡਰਾ ਅੋਹ ਹਾਲੀਵੁੱਡ ਦੇ ਕਿਸੇ ਵੀ ਐਵਾਰਡ ਸ਼ੋਅ ਨੂੰ ਹੋਸਟ ਕਰਨ ਵਾਲੀ ਪਹਿਲੀ ਏਸ਼ੀਆਈ ਬਣੀ। ਉਨ੍ਹਾਂ ਟੀਵੀ ਸੀਰੀਜ਼ 'ਚ ਸਰਬੋਤਮ ਅਦਾਕਾਰਾ ਦਾ ਖ਼ਿਤਾਬ ਵੀ ਜਿੱਤਿਆ। ਮੇਜ਼ਬਾਨੀ ਕਰਦਿਆਂ ਸੈਂਡਰਾ ਨੇ ਕਿਹਾ, 'ਮੈਂ ਇਸ ਨੂੰ ਹੋਸਟ ਕਰਨ ਲਈ ਇਸ ਲਈ ਹਾਂ ਕਿਹਾ ਕਿਉਂਕਿ ਮੈਂ ਇਸ ਬਦਲਾਅ ਦੀ ਗਵਾਹ ਬਣਨਾ ਚਾਹੁੰਦੀ ਸੀ।'

ਇਸ ਸਾਲ ਮਸ਼ਹੂਰ ਬੈਂਡ ਕੁਈਨ 'ਤੇ ਬਣੀ ਬੋਹਿਮੀਆ ਰੈਪਸੋਡੀ ਫਿਲਮ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਮਿਸਰ ਮੂਲ ਦੇ ਅਮਰੀਕੀ ਅਦਾਕਾਰ ਰਾਮੀ ਮਲੇਕ ਨੂੰ ਸਰਬੋਤਮ ਅਦਾਕਾਰ ਦਾ ਖ਼ਿਤਾਬ ਦਿੱਤਾ ਗਿਆ। ਮਲੇਕ ਨੇ ਫਿਲਮ 'ਚ ਮੁੰਬਈ 'ਚ ਜਨਮੇ ਰੌਕ ਸਟਾਰ ਫ੍ਰੇਡੀ ਮਰਕਰੀ ਦੀ ਭੂਮਿਕਾ ਨਿਭਾਈ ਸੀ। ਅਫ਼ਰੀਕੀ-ਅਮਰੀਕੀ ਪਿਆਨੋ ਵਾਦਕ ਤੇ ਉਸਦੇ ਇਤਾਲਵੀ-ਅਮਰੀਕੀ ਡਰਾਈਵਰ ਦੇ ਰਿਸ਼ਤੇ 'ਤੇ ਬਣੀ ਫਿਲਮ 'ਗ੍ਰੀਨ ਬੁਕ' ਨੂੰ ਮਿਊਜ਼ੀਕਲ ਕਾਮੇਡੀ ਵਰਗ 'ਚ ਸਰਬੋਤਮ ਫਿਲਮ ਦਾ ਖ਼ਿਤਾਬ ਮਿਲਿਆ।

ਹਾਲੀਵੁੱਡ 'ਚ ਚੱਲੀ ਬਦਲਾਅ ਦੀ ਇਸ ਲਹਿਰ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਅਦਾਕਾਰ ਡੈਰੇਨ ਕਲੈਰਿਸ ਨੇ ਕਿਹਾ, 'ਇਹ ਹਾਲੀਵੁੱਡ 'ਚ ਅਗਵਾਈ ਦੇ ਲਿਹਾਜ਼ ਨਾਲ ਇਤਿਹਾਸਕ ਸਾਲ ਹੈ।' ਫਿਲਪੀਨ ਮੂਲ ਦੇ ਕਲੈਰਿਸ ਨੂੰ ਸੀਮਤ ਟੀਵੀ ਸੀਰੀਜ਼ ਵਰਗ 'ਚ ਸਰਬੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ।

'ਗ੍ਰੀਨ ਬੁਕ' ਨੇ ਝਟਕੇ ਤਿੰਨ ਐਵਾਰਡ

ਅਮਰੀਕੀ ਫਿਲਮ ਗ੍ਰੀਨ ਬੁਕ ਨੇ ਸਰਬੋਤਮ ਫਿਲਮ ਦੇ ਨਾਲ ਸਰਬੋਤਮ ਸਹਾਇਕ ਅਦਾਕਾਰ ਤੇ ਸਰਬੋਤਮ ਸਯੀਨਪਲੇ ਦੇ ਤਿੰਨ ਗੋਲਡਨ ਗਲੋਬ ਪੁਰਸਕਾਰ ਆਪਣੇ ਨਾਂ ਕੀਤੇ। ਬੋਹਿਮੀਆ ਰੈਪਸੋਡੀ ਨੂੰ 'ਬੈਸਟ ਡਰਾਮਾ' ਦਾ ਖ਼ਿਤਾਬ ਦਿੱਤਾ ਗਿਆ। 'ਦ ਵਾਈਫ' ਲਈ ਅਦਾਕਾਰਾ ਗਲੇਨ ਕਲੋਜ ਨੂੰ ਮੋਸ਼ਨ ਪਿਕਚਰ-ਡਰਾਮਾ ਵਰਗ 'ਚ ਸਰਬੋਤਮ ਅਦਾਕਾਰਾ ਦਾ ਖ਼ਿਤਾਬ ਦਿੱਤਾ ਗਿਆ। 'ਰੋਮਾ' ਲਈ ਅਲਫੋਂਸੋ ਕਵੇਰੋਨ ਨੂੰ ਸਰਬੋਤਮ ਨਿਰਦੇਸ਼ਕ ਚੁਣਿਆ ਗਿਆ।

ਪਿਛਲੇ ਸਾਲ ਮੀ ਟੂ ਦੀ ਹਮਾਇਤ 'ਚ ਸਭ ਨੇ ਪਾਏ ਸਨ ਕਾਲੇ ਕੱਪੜੇ

ਪਿਛਲੇ ਦੋ ਸਾਲਾਂ ਤੋਂ ਹਾਲੀਵੁੱਡ ਦੇ ਵੱਕਾਰੀ ਪੁਰਸਕਾਰਾਂ 'ਚੋਂ ਇਕ ਗੋਲਡਨ ਗਲੋਬ ਦੇ ਮੰਚ ਦੀ ਵਰਤੋਂ ਸਮਾਜਿਕ ਤੇ ਸਿਆਸੀ ਮੁੱਦਿਆਂ 'ਤੇ ਆਪਣਾ ਪੱਖ ਰੱਖਣ ਲਈ ਕੀਤਾ ਜਾ ਰਿਹਾ ਹੈ। ਜਿਨਸੀ ਸ਼ੋਸ਼ਣ ਖ਼ਿਲਾਫ਼ ਸ਼ੁਰੂ ਹੋਏ 'ਮੀ ਟੂ' ਅਭਿਆਨ ਨੂੰ ਹਮਾਇਤ ਦੇਣ ਲਈ 2018 'ਚ ਕਈ ਅਦਾਕਾਰ ਤੇ ਹੀਰੋਇਨਾਂ ਨੇ ਕਾਲੀ ਪੋਸ਼ਾਕ ਪਾ ਕੇ ਇਸ ਪੁਰਸਕਾਰ ਸਮਾਰੋਹ 'ਚ ਹਿੱਸਾ ਲਿਆ ਸੀ।