ਨਿਊਯਾਰਕ (ਆਈਏਐੱਨਐੱਸ) : ਭਾਰਤ 'ਚ ਕੋਰੋਨਾ ਟੀਕਾਕਰਨ ਦਾ ਦੂਸਰਾ ਦੌਰ ਸ਼ੁਰੂ ਹੋ ਚੁੱਕਾ ਹੈ। ਇਸ ਦੇ ਤਹਿਤ 60 ਸਾਲ ਤੋਂ ਵੱਧ ਉਮਰ ਵਾਲਿਆਂ ਤੇ ਕਈ ਬਿਮਾਰੀਆਂ ਤੋਂ ਗ੍ਸਤ 45 ਸਾਲ ਤੋਂ ਉਪਰ ਦੇ ਲੋਕਾਂ ਨੂੰ ਟੀਕਾ ਲਾਉਣ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਟੀਕੇ ਦੀ ਭਰੋਸੇਯੋਗਤਾ ਬਾਰੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਹੋ ਰਹੀਆਂ ਹਨ। ਇਸ ਨਾਲ ਕਈ ਲੋਕ ਟੀਕਾ ਲਗਵਾਉਣ ਤੋਂ ਿਝਜਕ ਰਹੇ ਹਨ। ਇਸ ਦੌਰਾਨ ਇਕ ਅਧਿਐਨ ਦਾ ਸਿੱਟਾ ਉਤਸ਼ਾਹ ਵਧਾਉਣ ਵਾਲਾ ਹੈ। ਹਾਰਵਰਡ ਦੇ ਖੋਜਕਾਰਾਂ ਨੇ ਇਕ ਸਰਵੇ 'ਚ ਪਾਇਆ ਹੈ ਕਿ ਕੋਰੋਨਾ ਦੇ ਟੀਕੇ 'ਤੇ ਭਰੋਸਾ ਕਰਨ ਦੇ ਮਾਮਲੇ 'ਚ ਭਾਰਤੀ ਅੌਰਤਾਂ ਦੁਨੀਆ ਭਰ 'ਚ ਅੱਗੇ ਹਨ। ਖ਼ਾਸ ਗੱਲ ਇਹ ਹੈ ਕਿ ਸਰਵੇ ਪਿਛਲੇ ਸਾਲ ਅਕਤੂਬਰ-ਨਵੰਬਰ 'ਚ ਕਰਵਾਇਆ ਗਿਆ ਜਦੋਂ ਟੀਕਾਕਰਨ ਦੀ ਸ਼ੁਰੂਆਤ ਵੀ ਨਹੀਂ ਹੋਈ ਸੀ।

ਹਾਰਵਰਡ ਟੀਐੱਚ ਚਾਨ ਸਕੂਲ ਆਫ ਪਬਲਿਕ ਹੈਲਥ ਦੇ ਖੋਜਕਾਰਾਂ ਨੇ ਆਪਣੇ ਅਧਿਐਨ 'ਚ 16 ਦੇਸ਼ਾਂ ਦੀਆਂ ਲਗਪਗ 18000 ਹਜ਼ਾਰ ਅੌਰਤਾਂ ਨੂੰ ਸ਼ਾਮਲ ਕੀਤਾ।

ਕਾਲਪਨਿਕ ਤੌਰ 'ਤੇ ਸੁਰੱਖਿਅਤ, ਮੁਫ਼ਤ ਤੇ 90 ਫ਼ੀਸਦੀ ਅਸਰਦਾਰ ਟੀਕੇ ਬਾਰੇ ਉਨ੍ਹਾਂ ਦੀ ਪ੍ਰਤੀਕਿਰਿਆ ਜਾਣਨ ਲਈ ਪ੍ਰਸ਼ਨ ਪੁੱਛੇ ਗਏ। ਅਧਿਐਨ 'ਚ ਸ਼ਾਮਲ ਗਰਭਵਤੀ ਅੌਰਤਾਂ 'ਚੋਂ 52 ਫ਼ੀਸਦੀ ਤੇ 73 ਫ਼ੀਸਦੀ ਆਮ ਅੌਰਤਾਂ ਨੇ ਕਿਹਾ ਕਿ ਉਹ ਟੀਕਾ ਲਗਵਾਉਣਗੀਆਂ, ਜਦੋਂਕਿ ਸਰਵੇ 'ਚ ਸ਼ਾਮਲ ਕੁੱਲ ਅੌਰਤਾਂ 'ਚੋਂ 69 ਫ਼ੀਸਦੀ ਅੌਰਤਾਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਦਾ ਵੀ ਟੀਕਾਕਰਨ ਕਰਵਾਉਣਗੀਆਂ। ਇਸ ਸਰਵੇ ਦਾ ਨਤੀਜਾ ਯੂਰਪੀ ਜਰਨਲ ਆਫ ਏਪਿਡੇਮੀਓਲਾਜੀ 'ਚ ਪ੍ਰਕਾਸ਼ਿਤ ਹੋਇਆ ਹੈ। ਇਸ ਦੇ ਮੁਤਾਬਕ ਟੀਕੇ ਨੂੰ ਮਨਜ਼ੂਰੀ ਦੇਣ ਦੀ ਦਰ ਭਾਰਤ, ਫਿਲੀਪੀਨਸ ਤੇ ਲੈਟਿਨ ਅਮਰੀਕੀ ਦੇਸ਼ਾਂ 'ਚ ਗਰਭਵਤੀ ਅੌਰਤਾਂ 'ਚ 60 ਫ਼ੀਸਦੀ ਤੋਂ ਵੱਧ ਤੇ ਹੋਰ ਅੌਰਤਾਂ 'ਚ ਇਹ 78 ਫ਼ੀਸਦੀ ਤੋਂ ਜ਼ਿਆਦਾ ਰਹੀ। ਦੂਜੇ ਪਾਸੇ ਅਮਰੀਕਾ ਤੇ ਰੂਸ ਵਰਗੇ ਦੇਸ਼ਾਂ 'ਚ ਸਿਰਫ 45 ਫ਼ੀਸਦੀ ਗਰਭਵਤੀ ਅੌਰਤਾਂ ਨੇ ਟੀਕਾ ਲਗਾਉਣ ਦੀ ਹਾਮੀ ਭਰੀ। ਜਦੋਂਕਿ ਇਨ੍ਹਾਂ ਦੇਸ਼ਾਂ 'ਚ ਹੋਰ ਅੌਰਤਾਂ 'ਚ ਇਸ ਨੂੰ ਮਨਜ਼ੂਰੀ ਦੇਣ ਦੀ ਦਰ 56 ਫ਼ੀਸਦੀ ਤੋਂ ਵੀ ਘੱਟ ਰਹੀ।

ਟੀਕੇ ਪ੍ਰਤੀ ਿਝਜਕ ਦੇ ਕਈ ਕਾਰਨ

ਖੋਜ ਪੱਤਰ ਦੀ ਲੇਖਿਕਾ ਜੁਲੀਆ ਵੂ ਦਾ ਕਹਿਣਾ ਹੈ ਕਿ ਟੀਕੇ ਪ੍ਰਤੀ ਿਝਜਕ ਦੇ ਕਈ ਕਾਰਨ ਸਾਹਮਣੇ ਆਏ। ਇਨ੍ਹਾਂ 'ਚ ਕੋਰੋਨਾ ਇਨਫੈਕਸ਼ਨ ਦਾ ਮਾਮੂਲੀ ਖ਼ਤਰਾ, ਜਨਤਕ ਸਿਹਤ ਏਜੰਸੀਆਂ 'ਤੇ ਭਰੋਸੇ ਦਾ ਪੱਧਰ ਤੇ ਮੌਜੂਦਾ ਟੀਕੇ ਪ੍ਰਤੀ ਰਵੱਈਆ ਮੁੱਖ ਕਾਰਨ ਸ਼ਾਮਲ ਹਨ। ਇਸ ਲਈ ਜ਼ਰੂਰੀ ਹੈ ਕਿ ਟੀਕੇ ਪ੍ਰਤੀ ਲੋਕਾਂ ਦੀਆਂ ਸਾਰੀਆਂ ਚਿੰਤਾਵਾਂ ਦੇ ਹੱਲ ਲਈ ਮੁਹਿੰਮ ਚਲਾਈ ਜਾਵੇ।