ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਸੰਸਦ ਦੀ ਇਕ ਸੁਤੰਤਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਉਨ੍ਹਾਂ ਕੁਝ ਖ਼ਾਸ ਦੇਸ਼ਾਂ 'ਚ ਸ਼ਾਮਲ ਹੈ ਜਿਹੜੇ ਹਾਈਪਰਸੋਨਿਕ ਹਥਿਆਰ ਵਿਕਸਤ ਕਰ ਰਹੇ ਹਨ। ਅਮਰੀਕੀ ਸੰਸਦ ਦੀ ਇਹ ਰਿਪੋਰਟ ਅਜਿਹੇ ਸਮੇਂ 'ਚ ਆਈ ਹੈ, ਜਦੋਂ ਹਾਲੀਆ ਇਕ ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਚੀਨ ਨੇ ਇਕ ਪਰਮਾਣੂ ਸਮਰੱਥ ਹਾਈਪਰਸੋਨਿਕ ਮਿਜ਼ਾਈਲ ਲਾਂਚ ਕੀਤੀ ਹੈ, ਜਿਸ ਨੇ ਆਪਣੇ ਟੀਚੇ ਤੋਂ ਅਸਫਲ ਹੋਣ ਤੋਂ ਪਹਿਲਾਂ ਪੂਰੀ ਧਰਤੀ ਦਾ ਚੱਕਰ ਲਗਾਇਆ ਸੀ। ਚੀਨ ਨੇ ਆਪਣੇ ਇਸ ਪ੍ਰੀਖਣ ਨਾਲ ਅਮਰੀਕੀ ਖ਼ੁਫ਼ੀਆ ਏਜੰਸੀਆਂ ਨੂੰ ਹੈਰਾਨ ਕਰ ਦਿੱਤਾ ਹੈ।

ਸੁਤੰਤਰ 'ਕਾਂਗਰੈਸ਼ਨਲ ਰਿਸਰਚ ਸਰਵਿਸ' (ਸੀਆਰਐੱਸ) ਨੇ ਇਸ ਹਫ਼ਤੇ ਆਪਣੀ ਰਿਪੋਰਟ 'ਚ ਕਿਹਾ ਕਿ ਅਮਰੀਕਾ, ਰੂਸ ਤੇ ਚੀਨ ਦੇ ਸਭ ਤੋਂ ਆਧੁਨਿਕ ਹਾਈਪਰਸੋਨਿਕ ਹਥਿਆਰ ਪ੍ਰੋਗਰਾਮ ਹਨ, ਪਰ ਆਸਟ੍ਰੇਲੀਆ, ਭਾਰਤ, ਫਰਾਂਸ, ਜਰਮਨੀ ਤੇ ਜਾਪਾਨ ਸਮੇਤ ਕੁਝ ਹੋਰ ਦੇਸ਼ ਵੀ ਹਾਈਪਰਸੋਨਿਕ ਹਥਿਆਰ ਤਕਨੀਕ ਵਿਕਸਤ ਕਰ ਰਹੇ ਹਨ।

ਸੀਆਰਐੱਸ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਆਸਟ੍ਰੇਲੀਆ ਨੇ ਅਮਰੀਕਾ ਤੇ ਭਾਰਤ ਨੇ ਰੂਸ ਨਾਲ ਇਸ ਸਬੰਧ 'ਚ ਗਠਜੋੜ ਕੀਤਾ ਹੈ। ਰਿਪੋਰਟ ਮੁਤਾਬਕ ਭਾਰਤ ਨੇ ਮੈਕ 7 ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਮੋਸ-2 ਨੂੰ ਵਿਕਸਤ ਕਰਨ ਲਈ ਰੂਸ ਨਾਲ ਗਠਜੋੜ ਕੀਤਾ ਹੈ। ਹਾਲਾਂਕਿ ਬ੍ਰਹਮੋਸ-2 ਨੂੰ ਸ਼ੁਰੂਆਤ 'ਚ 2017 'ਚ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਸੀ, ਪਰ ਰਿਪੋਰਟ ਸੰਕੇਤ ਦਿੰਦੀ ਹੈ ਕਿ ਇਸ ਪ੍ਰੋਗਰਾਮ 'ਚ ਕਾਫ਼ੀ ਦੇਰ ਹੋ ਗਈ ਤੇ ਹੁਣ ਇਸਦੇ 2025 ਤੇ 2028 ਵਿਚਾਲੇ ਸ਼ੁਰੂਆਤੀ ਚਲਨ ਸਮਰੱਥਾ ਹਾਸਲ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਸੀਆਰਐੱਸ ਨੇ ਕਿਹਾ ਕਿ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਭਾਰਤ ਆਪਣੇ ਹਾਈਪਰਸੋਨਿਕ ਟੈਕਨਾਲੋਜੀ ਪ੍ਰਦਰਸ਼ਕ ਵਾਹਨ ਪ੍ਰੋਗਰਾਮ ਦੇ ਤਹਿਤ ਇਕ ਦੇਸੀ, ਦੋਹਰੇ ਰੂਪ ਨਾਲ ਸਮਰੱਥ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਵੀ ਵਿਕਸਤ ਕਰ ਰਿਹਾ ਹੈ ਤੇ ਉਸਨੇ ਜੂਨ 2019 ਤੇ ਸਤੰਬਰ 2020 ਦੇ ਵਿਚ ਮੈਕ 6 ਸਕ੍ਰੈਮਜੈੱਟ ਦਾ ਕਾਮਯਾਬੀ ਨਾਲ ਪ੍ਰੀਖਣ ਕੀਤਾ ਸੀ।

ਅਮਰੀਕੀ ਸੰਸਦ ਮੈਂਬਰਾਂ ਲਈ ਇਸ ਵਿਸ਼ੇ ਦੇ ਮਾਹਿਰਾਂ ਵੱਲੋਂ ਤਿਆਰ ਕੀਤੀ ਗਈ ਸੰਸਦ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਲਗਪਗ 12 ਹਾਈਪਰਸੋਨਿਕ ਪਵਨ ਸੁਰੰਗਾਂ ਦਾ ਸੰਚਾਲਨ ਕਰਦਾ ਹੈ ਤੇ 13 ਮੈਕ ਤਕ ਦੀ ਰਫ਼ਤਾਰ ਦਾ ਪ੍ਰੀਖਣ ਕਰਨ 'ਚ ਸਮਰੱਥ ਹੈ।

ਅਖ਼ਬਾਰ 'ਫਾਈਨਾਂਸ਼ੀਅਲ ਟਾਈਮਜ਼' (ਐੱਫਟੀ) ਦੀ ਖ਼ਬਰ ਮੁਤਾਬਕ, ਚੀਨ ਨੇ ਅਗਸਤ 'ਚ ਇਕ ਪਰਮਾਣੂ ਸਮਰੱਥ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ, ਜਿਸ ਨੇ ਆਪਣੇ ਟੀਚੇ ਵੱਲ ਤੇਜ਼ੀ ਨਾਲ ਵਧਣ ਤੋਂ ਪਹਿਲਾਂ ਧਰਤੀ ਦਾ ਚੱਕਰ ਲਗਾਇਆ। ਇਸ 'ਚ ਕਿਹਾ ਗਿਆ ਕਿ ਇਸ ਪ੍ਰੀਖਣ ਨਾਲ ਅਮਰੀਕੀ ਖ਼ੁਫ਼ੀਆ ਏਜੰਸੀਆਂ ਵੀ ਹੈਰਾਨ ਹੋ ਗਈਆਂ। ਹਾਲਾਂਕਿ ਚੀਨ ਨੇ ਕਿਹਾ ਕਿ ਉਸ ਨੇ ਇਕ ਹਾਈਪਰਸੋਨਿਕ 'ਯਾਨ' ਦਾ ਪ੍ਰੀਖਣ ਕੀਤਾ ਹੈ, ਨਾ ਕਿ ਪਰਮਾਣੂ ਸਮਰੱਥ ਹਾਈਪਰਸੋਨਿਕ 'ਮਿਜ਼ਾਈਲ' ਦਾ। ਪ੍ਰਮੁੱਖ ਬਰਤਾਨਵੀ ਅਖ਼ਬਾਰ ਨੇ ਆਪਣੀ ਖ਼ਬਰ 'ਚ ਦਾਅਵਾ ਕੀਤਾ ਸੀ ਕਿ ਚੀਨ ਨੇ ਉੱਨਤ ਪੁਲਾੜ ਸਮਰੱਥਾ ਵਾਲੀ ਇਕ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ ਤੇ ਇਹ ਲਗਪਗ 24 ਮੀਲ ਦੀ ਦੂਰੀ ਦੇ ਫਰਕ ਤੋਂ ਆਪਣੇ ਟੀਚੇ ਨੂੰ ਹਾਸਲ ਕਰਨ 'ਚ ਅਸਫਲ ਰਹੀ।

ਸੀਆਰਐੱਸ ਮੁਤਾਬਕ, 2007 ਤੋਂ ਹਾਈਪਰਸੋਨਿਕ ਤਕਨੀਕ ਵਿਕਸਤ ਕਰਨ ਲਈ ਅਮਰੀਕਾ ਨੇ ਹਾਈਪਰਸੋਨਿਕ ਇੰਟਰਨੈਸ਼ਨਲ ਫਲਾਈਟ ਰਿਸਰਚ ਐਕਸਪੈਰੀਮੈਂਟੇਸ਼ਨ ਪ੍ਰੋਗਰਾਮ ਨੂੰ ਲੈ ਕੇ ਆਸਟ੍ਰੇਲੀਆ ਨਾਲ ਗਠਜੋੜ ਕੀਤਾ ਹੈ। ਭਾਰਤ ਵਾਂਗ ਫਰਾਂਸ ਨੇ ਵੀ ਹਾਈਪਰਸੋਨਿਕ ਟੈਕਨਾਲੋਜੀ ਦੇ ਵਿਕਾਸ ਲਈ ਰੂਸ ਨਾਲ ਗਠਜੋੜ ਤੇ ਇਕਰਾਰਨਾਮਾ ਕੀਤਾ ਹੈ ਤੇ ਜਾਪਾਨ 'ਹਾਈਪਰਸੋਨਿਕ ਕਰੂਜ਼ ਮਿਜ਼ਾਈਲ' ਤੇ 'ਹਾਈਪਰ ਵੈਲੋਸਿਟੀ ਗਲਾਈਡਿੰਗ ਪ੍ਰਾਜੈਕਟਾਈਲ' ਵਿਕਸਤ ਕਰ ਰਿਹਾ ਹੈ।