ਵਾਸ਼ਿੰਗਟਨ (ਰਾਇਟਰ) : ਦੱਖਣੀ ਚੀਨ ਸਾਗਰ ਨੂੰ ਲੈ ਕੇ ਦਾਦਾਗਿਰੀ ਦਿਖਾ ਰਹੇ ਚੀਨ ਨੂੰ ਅਮਰੀਕਾ ਨੇ ਫਿਰ ਧਮਕਾਇਆ ਹੈ। ਡ੍ਰੈਗਨ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆਇਆ ਤਾਂ ਉਸ ਦੇ ਅਧਿਕਾਰੀਆਂ ਅਤੇ ਕਾਰੋਬਾਰੀਆਂ ਨੂੰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੂਰਬੀ ਏਸ਼ਿਆਈ ਅਤੇ ਪ੍ਰਸ਼ਾਂਤ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਡੇਵਿਡ ਸਟਿਲਵੈੱਲ ਨੇ ਸੰਭਾਵਤ ਪਾਬੰਦੀਆਂ ਦੇ ਬਾਰੇ ਵਿਚ ਇਕ ਸਵਾਲ ਦੇ ਜਵਾਬ ਵਿਚ ਚੀਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਡੀਆਂ ਨਜ਼ਰਾਂ ਤੋਂ ਕੁਝ ਵੀ ਲੁਕਿਆ ਨਹੀਂ ਹੈ... ਕੁਝ ਵੀ ਸੰਭਵ ਹੈ। ਉਹ ਵਾਸ਼ਿੰਗਟਨ ਦੇ ਇਕ ਥਿੰਕ ਟੈਂਕ ਨਾਲ ਮੁਖਾਤਬ ਸਨ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸਖ਼ਤ ਰੁਖ਼ ਦਾ ਮਤਲਬ ਇਹ ਹੈ ਕਿ ਇਨ੍ਹਾਂ ਸਮੁੰਦਰੀ ਮੁੱਦਿਆਂ 'ਤੇ ਅਸੀਂ ਮੂਕਦਰਸ਼ਕ ਨਹੀਂ ਬਣੇ ਰਹਿ ਸਕਦੇ। ਚੀਨ ਵੱਲੋਂ ਗੁਆਂਢੀਆਂ ਦੇ ਇਲਾਕੇ ਨੂੰ ਜਬਰਨ ਹੜੱਪਣ, ਨਵੇਂ ਦਾਅਵੇ ਠੋਕਣਾ ਅਤੇ ਫ਼ੌਜੀ ਜਮਾਵੜਾ ਵਧਾਉਣਾ ਇਕ ਖ਼ਤਰਨਾਕ ਕਦਮ ਹੈ। ਇਸ ਦਾ ਅਸਰ ਪੂਰੇ ਖੇਤਰ 'ਤੇ ਤਾਂ ਪਵੇਗਾ ਹੀ, ਚੀਨ-ਅਮਰੀਕਾ ਦੇ ਰਿਸ਼ਤੇ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ। ਇਕ ਦਿਨ ਪਹਿਲਾਂ ਹੀ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਡ੍ਰੈਗਨ ਦੇ ਦਾਅਵੇ ਨੂੰ ਨਾਮਨਜ਼ੂਰ ਅਤੇ ਕੌਮਾਂਤਰੀ ਕਾਨੂੰਨਾਂ ਖ਼ਿਲਾਫ਼ ਦੱਸਿਆ ਸੀ। ਅਮਰੀਕਾ ਨੇ ਪਹਿਲੀ ਵਾਰ ਏਨਾ ਸਖ਼ਤ ਰੁਖ਼ ਦਿਖਾਇਆ ਸੀ।

ਦਰਅਸਲ, ਇਹ ਬੇਹੱਦ ਮਹੱਤਵਪੂਰਨ ਜਲ ਮਾਰਗ ਹੈ, ਜਿੱਥੋਂ ਦੁਨੀਆ ਦਾ ਸਾਲਾਨਾ ਤਿੰਨ ਟਿ੍ਲੀਅਨ ਡਾਲਰ ਦਾ ਕਾਰੋਬਾਰ ਹੁੰਦਾ ਹੈ। ਇਸ ਇਲਾਕੇ ਵਿਚ ਚੀਨ ਦੀ ਵਿਸਥਾਰਵਾਦੀ ਨੀਤੀ ਖ਼ਿਲਾਫ਼ ਅਤੇ ਆਵਾਜਾਈ ਦੀ ਆਜ਼ਾਦੀ ਨੂੰ ਪ੍ਰਦਰਸ਼ਿਤ ਕਰਨ ਲਈ ਅਮਰੀਕਾ ਨਿਯਮਿਤ ਰੂਪ ਨਾਲ ਆਪਣੇ ਜੰਗੀ ਬੇੜੇ ਭੇਜਦਾ ਰਹਿੰਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੁਆ ਚੁਨਿਯੰਗ ਨੇ ਪਾਬੰਦੀਆਂ ਦੀ ਧਮਕੀ 'ਤੇ ਕਿਹਾ ਕਿ ਇਹ ਇਸ ਖੇਤਰ ਨੂੰ ਅਸਥਿਰ ਕਰਨ ਅਤੇ ਸਮੱਸਿਆਵਾਂ ਨੂੰ ਵਧਾਉਣ ਵਾਲਾ ਤਾਜ਼ਾ ਕਦਮ ਹੈ। ਅਸੀਂ ਇਸ ਦੀ ਪ੍ਰਵਾਹ ਨਹੀਂ ਕਰਦੇ।

ਚੀਨ ਅਤੇ ਅਮਰੀਕਾ ਦੇ ਰਿਸ਼ਤੇ ਕਈ ਮੁੱਦਿਆਂ ਨੂੰ ਲੈ ਕੇ ਦਿਨੋਂ-ਦਿਨ ਤਲਖ਼ ਹੁੰਦੇ ਜਾ ਰਹੇ ਹਨ। ਖ਼ਾਸ ਕਰਕੇ, ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਪਸਾਰ ਅਤੇ ਹਾਂਗਕਾਂਗ ਵਿਚ ਚੀਨ ਦੀਆਂ ਦਮਨਕਾਰੀ ਨੀਤੀਆਂ ਨਾਲ ਅਮਰੀਕਾ ਕਾਫ਼ੀ ਗੁੱਸੇ ਵਿਚ ਹੈ ਅਤੇ ਉਸ ਨੂੰ ਸਬਕ ਸਿਖਾਉਣ ਦੇ ਮੂਡ ਵਿਚ ਹੈ।