ਵਾਸ਼ਿੰਗਟਨ (ਏਪੀ) : ਅਮਰੀਕਾ ਦੂਜੇ ਦੇਸ਼ਾਂ ਨੂੰ ਸਹਾਇਤ ਵਜੋਂ ਦੇਣ ਲਈ ਫਾਈਜ਼ਰ ਵੈਕਸੀਨ ਦੀਆਂ 50 ਕਰੋੜ ਖ਼ੁਰਾਕਾਂ ਖ਼ਰੀਦੇਗਾ। ਇਕ ਸਾਲ 'ਚ ਕੋਵੈਕਸ ਅਲਾਇੰਸ ਰਾਹੀਂ ਦੁਨੀਆ ਦੇ 92 ਗ਼ਰੀਬ ਤੇ ਅਫਰੀਕੀ ਦੇਸ਼ਾਂ ਨੂੰ ਇਹ ਟੀਕੇ ਵੰਡੇ ਜਾਣਗੇ। ਇਸ ਮਾਮਲੇ ਨਾਲ ਜੁੜੇ ਇਕ ਵਿਅਕਤੀ ਨੇ ਇਹ ਜਾਣਕਾਰੀ ਦਿੱਤੀ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੀਰਵਾਰ ਨੂੰ ਜੀ-7 ਸਿਖਰ ਸੰਮੇਲਨ ਦੇ ਸ਼ੁਰੂ ਤੋਂ ਪਹਿਲਾਂ ਆਪਣੇ ਭਾਸ਼ਣ 'ਚ ਇਸ ਦਾ ਐਲਾਨ ਕਰਨਗੇ। ਸੂਤਰਾਂ ਮੁਤਾਬਕ 10 ਕਰੋੜ ਲੋਕਾਂ ਨੂੰ ਮਹਾਮਾਰੀ ਤੋਂ ਸੁਰੱਖਿਆ ਮੁਹੱਈਆ ਕਰਨ ਲਈ 20 ਕਰੋੜ ਖ਼ੁਰਾਕਾਂ ਇਸ ਸਾਲ ਦਿੱਤੀਆਂ ਜਾਣਗੀਆਂ। ਬਾਕੀ ਖ਼ੁਰਾਕਾਂ ਅਗਲੇ ਦੀ ਪਹਿਲੀ ਛਿਮਾਹੀ 'ਚ ਦਿੱਤੀਆਂ ਜਾਣਗੀਆਂ।

ਬਾਇਡਨ ਨੇ ਡੈਲਟਾ ਵੇਰੀਐਂਟ ਖ਼ਿਲਾਫ਼ ਕੀਤਾ ਖ਼ਬਰਦਾਰ

ਰਾਸ਼ਟਰਪਤੀ ਬਾਇਡਨ ਨਾਲ ਹੀ ਉਨ੍ਹਾਂ ਦੇ ਮੁੱਖ ਸਲਾਹਕਾਰ ਡਾ. ਐਂਥਨੀ ਫਾਸੀ ਨੇ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਖ਼ਿਲਾਫ਼ ਲੋਕਾਂ ਨੂੰ ਚੌਕਸ ਕੀਤਾ ਹੈ। ਦੋਵਾਂ ਨੇ ਕਿਹਾ ਹੈ ਕਿ ਉਹ ਵੇਰੀਐਂਟ ਬਹੁਤ ਹੀ ਇਨਫੈਕਟਿਡ ਹੈ। ਬਰਤਾਨੀਆ 'ਚ ਇਸ ਸਮੇਂ ਇਹ ਵੇਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ, ਖਾਸ ਕਰ ਕੇ 12 ਤੋਂ 20 ਸਾਲ ਦੇ ਨੌਜਵਾਨ ਇਸ ਦੀ ਲਪੇਟ 'ਚ ਆ ਰਹੇ ਹਨ। ਡੈਲਟਾ ਵੇਰੀਐਂਟ ਅਰਥਾਤ ਬੀ.1.617.2 ਸਭ ਤੋਂ ਪਹਿਲਾਂ ਭਾਰਤ 'ਚ ਪਿਛਲੇ ਸਾਲ ਅਕਤੂਬਰ 'ਚ ਪਾਇਆ ਗਿਆ ਸੀ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਤਾਬਕ ਹੁਣ ਤਕ ਇਹ ਵੇਰੀਐਂਟ ਦੁਨੀਆ ਦੇ 62 ਦੇਸ਼ਾਂ 'ਚ ਫੈਲ ਚੁੱਕਾ ਹੈ।