ਵਾਸ਼ਿੰਗਟਨ (ਏਜੰਸੀਆਂ) : ਅਮਰੀਕਾ 'ਚ ਛੇ ਜਨਵਰੀ ਨੂੰ ਕੈਪੀਟਲ ਹਿਲ (ਸੰਸਦ) 'ਤੇ ਹਮਲੇ ਦੇ ਮਾਮਲੇ 'ਚ ਸੈਨੇਟ ਦੀ ਕਮੇਟੀ 'ਚ ਸੁਰੱਖਿਆ ਏਜੰਸੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਥੇ ਪੇਸ਼ ਹੋਏ ਐੱਫਬੀਆਈ ਦੇ ਮੁਖੀ ਕ੍ਰਿਸਟੋਫਰ ਰੇ ਨੇ ਕਿਹਾ ਕਿ ਸੰਸਦ 'ਤੇ ਹਮਲਾ ਅਪਰਾਧਿਕ ਵਤੀਰੇ ਵਾਲੇ ਲੋਕਾਂ ਦਾ ਹਮਲਾ ਸੀ ਤੇ ਇਸ ਨੂੰ ਅਸੀਂ ਘਰੇਲੂ ਅੱਤਵਾਦ ਦੀ ਸ਼੍ਰੇਣੀ 'ਚ ਰੱਖਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਹਿੰਸਾ 'ਚ ਉਨ੍ਹਾਂ ਦਾ ਬਿਊਰੋ ਹਜ਼ਾਰਾਂ ਦੀ ਗਿਣਤੀ ਵਿਚ ਜਾਂਚ ਨਾਲ ਜੂਝ ਰਿਹਾ ਹੈ।

ਐੱਫਬੀਆਈ ਮੁਖੀ ਹਿੰਸਾ ਤੋਂ ਬਾਅਦ ਪਹਿਲੀ ਵਾਰ ਸੈਨੇਟ ਦੀ ਜਾਂਚ ਦਾ ਸਾਹਮਣਾ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਘਰੇਲੂ ਅੱਤਵਾਦ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਨਾਲ ਦੇਸ਼ ਦੇ ਹੋਰ ਖੇਤਰ ਵੀ ਮੁਕਾਬਲਾ ਕਰ ਰਹੇ ਹਨ। 2011 ਦੇ ਸਤੰਬਰ 'ਚ 11 ਦੀ ਘਟਨਾ ਤੋਂ ਬਾਅਦ ਕੌਮਾਂਤਰੀ ਅੱਤਵਾਦ ਨਾਲ ਮੁਕਾਬਲੇ ਲਈ ਤਿਆਰ ਹੋਣ ਵਾਲੀਆਂ ਸੁਰੱਖਿਆ ਏਜੰਸੀਆਂ ਲਈ ਹੁਣ ਘਰੇਲੂ ਅੱਤਵਾਦ ਨਵੀਂ ਪਰੇਸ਼ਾਨੀ ਹੈ। ਐੱਫਬੀਆਈ ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ 'ਚ ਸਿਆਹਫਾਮਾਂ ਦੇ ਸੰਗਠਨ ਐਂਟਿਕਾ ਮੂਵਮੈਂਟ ਦਾ ਹੱਥ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਇਸ ਦਾ ਮਤਲਬ ਇਹ ਹੀ ਨਹੀਂ ਕਿ ਉਹ ਸਾਡੀ ਜਾਂਚ ਲਈ ਦਾਇਰੇ 'ਚ ਨਹੀਂ ਹੈ। ਸੈਨੇਟ ਦੀ ਨਿਆਪਾਲਿਕਾ ਕਮੇਟੀ ਦੇ ਸਾਹਮਣੇ ਹੁਣ ਐੱਫਬੀਆਈ ਨਾਲ ਹੀ ਪੈਂਟਾਗਨ, ਨੈਸ਼ਨਲ ਗਾਰਡ, ਹੋਮਲੈਂਡ ਸਕਿਊਰਿਟੀ ਦੇ ਅਧਿਕਾਰੀਆਂ ਨੂੰ ਵੀ ਪੇਸ਼ ਹੋਣਾ ਪਵੇਗਾ।