ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਵਿਚ ਰਹਿ ਰਹੇ ਸਿੱਖ ਭਾਈਚਾਰੇ ਨੇ ਰਾਸ਼ਟਰਪਤੀ ਦੀ ਚੋਣ ਵਿਚ ਜੋਅ ਬਾਇਡਨ ਤੇ ਕਮਲਾ ਹੈਰਿਸ ਦੀ ਜਿੱਤ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਅਜਿਹੇ ਆਗੁਆਂ ਦੀ ਹੀ ਲੋੜ ਸੀ ਜੋ ਵਿਸ਼ਵ ਵਿਚ ਅਮਰੀਕਾ ਦਾ ਮਾਣ ਫਿਰ ਵਧਾ ਸਕਣ। ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਅਤੇ ਈਕੋ ਸਿੱਖ ਦੇ ਸੰਸਥਾਪਕ ਡਾ. ਰਾਜਵੰਤ ਸਿੰਘ ਨੇ ਬਾਇਡਨ ਤੇ ਹੈਰਿਸ ਦੀ ਜਿੱਤ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ 'ਤੇ ਰੋਕਥਾਮ ਲਈ ਅਮਰੀਕਾ ਵਿਚ ਲੀਡਰਸ਼ਿਪ ਤਬਦੀਲੀ ਦੀ ਵੱਡੀ ਲੋੜ ਸੀ। ਉਨ੍ਹਾਂ ਕਿਹਾ ਕਿ ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਬਣਨ ਦਾ ਸਿੱਖ ਭਾਈਚਾਰੇ ਨੇ ਵੱਡੇ ਪੱਧਰ 'ਤੇ ਸਵਾਗਤ ਕੀਤਾ ਹੈ। ਨੈਸ਼ਨਲ ਸਿੱਖ ਕੰਪੇਨ ਦੇ ਸਹਿ ਸੰਸਥਾਪਕ ਗੁਰਵਿਨ ਸਿੰਘ ਆਹੂਜਾ ਨੇ ਵੀ ਬਾਇਡਨ ਤੇ ਕਮਲਾ ਹੈਰਿਸ ਦੀ ਜਿੱਤ ਦਾ ਸਵਾਗਤ ਕੀਤਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਬਾਇਡਨ ਦੀ ਅਗਵਾਈ 'ਚ ਵ੍ਹਾਈਟ ਹਾਊਸ ਸਿੱਖ ਭਾਈਚਾਰੇ ਤੇ ਹੋਰ ਘੱਟ ਗਿਣਤੀਆਂ ਨੂੰ ਅਮਰੀਕਾ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਭੂਮਿਕਾ ਨਿਭਾਉਣ ਦਾ ਮੌਕਾ ਦੇਵੇਗਾ।

Posted By: Rajnish Kaur