ਵਾਸ਼ਿੰਗਟਨ - ਅਮਰੀਕੀ ਇਤਿਹਾਸ ’ਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਕਿਸੇ ਰਾਸ਼ਟਰਪਤੀ ਨੂੰ ਦੂਸਰੀ ਵਾਰ ਮਹਾਦੋਸ਼ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ। ਇਹੀ ਵਜ੍ਹਾ ਹੈ ਕਿ ਕੈਪੀਟਲ ਬਿਲਡਿੰਗ ਹਿੰਸਾ ਤੋਂ ਬਾਅਦ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਨ੍ਹਾਂ ’ਤੇ ਦੁਬਾਰਾ ਮਹਾਦੋਸ਼ ਚਲਾਉਣ ਲਈ ਕਈ ਮੈਂਬਰਾਂ ਦਾ ਸਮਰਥਨ ਮਿਲਿਆ ਹੈ। ਅਮਰੀਕੀ ਪ੍ਰਤੀਨਿਧੀ ਸਭਾ ਰਾਸ਼ਟਰਪਤੀ ਟਰੰਪ ਖ਼ਿਲਾਫ਼ ਦੂਸਰੇ ਮਹਾਦੋਸ਼ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਹੈ। ਇਸ ਦੇ ਪੱਖ ’ਚ ਜਿੱਥੇ 232 ਵੋਟਾਂ ਪਈਆਂ, ਉਥੇ ਹੀ ਵਿਰੋਧ ’ਚ 197 ਵੋਟਾਂ ਪਈਆਂ ਸਨ।

19 ਜਨਵਰੀ ’ਤੇ ਨਿਗਾਹਾਂ

ਇਸ ਪ੍ਰਸਤਾਵ ਨੂੰ ਰਿਪਬਲਿਕਨ ਪਾਰਟੀ ਦੇ 10 ਸਾਂਸਦਾਂ ਦਾ ਵੀ ਸਮਰਥਨ ਮਿਲਿਆ ਹੈ। ਇਸ ਤੋਂ ਬਾਅਦ ਹੁਣ ਸੀਨੇਟ ’ਚ 19 ਜਨਵਰੀ ਨੂੰ ਇਸ ਪ੍ਰਸਤਾਵ ਨੂੰ ਰੱਖਿਆ ਜਾਵੇਗਾ। ਕਾਕਸ ਦੇ ਕਈ ਮੈਂਬਰ ਚਾਹੰੁਦੇ ਹਨ ਕਿ ਇਹ ਪ੍ਰਕਿਰਿਆ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇ। ਸਪੀਕਰ ਨੈਂਸੀ ਪੇਲੋਸੀ ਨੇ 9 ਮਹਾਦੋਸ਼ ਮੈਨੇਜਰ ਨੂੰ ਨਿਯੁਕਤ ਕੀਤਾ ਹੈ, ਜੋ ਟਰੰਪ ਦੇ ਮਾਮਲੇ ’ਚ ਬਹਿਸ ਕਰਨਗੇ। ਮਹਾਦੋਸ਼ ਦੀ ਇਸ ਪ੍ਰਕਿਰਿਆ ਨੂੰ ਇਸ ਵਜ੍ਹਾ ਕਰਕੇ ਵੀ ਤੇਜ਼ ਕੀਤਾ ਗਿਆ ਹੈ ਕਿਉਂਕਿ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਕੈਪੀਟਲ ਬਿਲਡਿੰਗ ਦੀ ਘਟਨਾ ਤੋਂ ਬਾਅਦ ਸੰਵਿਧਾਨ ਦੀ 25ਵੀਂ ਸੋਧ ਦੀ ਵਰਤੋਂ ਕਰਦਿਆਂ ਟਰੰਪ ਨੂੰ ਅਹੁਦੇ ਤੋਂ ਹਟਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਸੰਵਿਧਾਨ ਦੀ 25ਵੀਂ ਸੋਧ

ਅਮਰੀਕੀ ਸੰਵਿਧਾਨ ਦੀ 25ਵੀਂ ਸੋਧ ਉਪ-ਰਾਸ਼ਟਰਪਤੀ ਨੂੰ ਇਹ ਅਧਿਕਾਰ ਦਿੰਦੀ ਹੈ ਕਿ ਜੇ ਰਾਸ਼ਟਰਪਤੀ ਆਪਣੇ ਕਰਤੱਵਾਂ ਤੇ ਜ਼ਿੰਮੇਵਾਰੀਆਂ ਨਿਭਾਉਣ ’ਚ ਨਾਕਾਮ ਰਹਿੰਦਾ ਹੈ ਤਾਂ ਉਹ ਕੈਬਨਿਟ ਦੀ ਮਨਜ਼ੂਰੀ ਤੇ ਸਦਨ ਦੇ ਦੋ ਤਿਹਾਈ ਬਹੁਮਤ ਨਾਲ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾ ਕੇ ਸੱਤਾ ਆਪਣੇ ਹੱਥਾਂ ’ਚ ਲੈ ਸਕੇ। ਪ੍ਰਤੀਨਿਧੀ ਸਭਾ ਦੀ ਸਪੀਕਰ ਸਮੇਤ ਹੋਰ ਕਈ ਸਾਂਸਦਾਂ ਨੇ ਵੀ ਮਾਈਕ ਪੇਂਸ ਨਾਲ ਇਸ ਬਦਲ ਦੀ ਵਰਤੋਂ ਕਰਦਿਆਂ ਟਰੰਪ ਨੂੰ ਹਟਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਪੇਂਸ ਨੇ ਠੁਕਰਾ ਦਿੱਤਾ ਹੈ। ਇਸ ਤੋਂ ਬਾਅਦ ਹੀ ਟਰੰਪ ’ਤੇ ਮਹਾਦੋਸ਼ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਹੈ।

ਟਰੰਪ ਤੋਂ ਅਲੱਗ ਪੇਂਸ ਦਾ ਬਿਆਨ

ਹਾਲਾਂਕਿ ਮਾਈਕ ਪੇਂਸ ਨੇ ਵੀ ਇਹ ਸਾਫ਼ ਕਰ ਦਿੱਤਾ ਹੈ ਕਿ ਜੋਅ ਬਾਇਡਨ ਨੂੰ ਦੇਸ਼ ਦੀ ਜਨਤਾ ਨੇ ਚੁਣਿਆ ਹੈ ਤੇ ਮੌਜੂਦਾ ਰਾਸ਼ਟਰਪਤੀ ਨੂੰ ਇਸ ਗੱਲ ਦਾ ਅਧਿਕਾਰ ਨਹੀਂ ਹੈ ਕਿ ਉਹ ਇਸ ਨੂੰ ਚੁਣੌਤੀ ਦੇ ਸਕੇ। ਜ਼ਿਕਰਯੋਗ ਹੈ ਕਿ ਇਸ 20 ਜਨਵਰੀ ਨੂੰ ਨਵੇਂ ਰਾਸ਼ਟਰਪਤੀ ਦੇ ਤੌਰ ’ਤੇ ਜੋਅ ਬਾਇਡਨ ਸਹੰੁ ਚੱੁਕਣ ਵਾਲੇ ਹਨ। ਜੇ ਸੀਨੇਟ ਨੇ ਉਨ੍ਹਾਂ ਨੂੰ ਦੋਸ਼ੀ ਮੰਨਣ ’ਤੇ ਆਪਣੀ ਮੋਹਰ ਲਾਈ ਤਾਂ ਅਜਿਹੀ ਹਾਲਤ ’ਚ ਟਰੰਪ ਨੂੰ ਬਰਖ਼ਾਸਤ ਕਰ ਦਿੱਤਾ ਜਾਵੇਗਾ। ਹਾਲਾਂਕਿ ਇਸ ਬਾਰੇ ਮਿਚ ਮੈਕਕਾਨੇਲ ਦਾ ਕਹਿਣਾ ਹੈ ਕਿ ਟਰੰਪ ਦੇ ਅਹੁਦਾ ਛੱਡਣ ਤੋਂ ਪਹਿਲਾਂ ਉਹ ਇਸ ’ਤੇ ਅੱਗੇ ਕਦਮ ਨਹੀਂ ਵਧਾਉਣਗੇ। ਜੇ ਉਨ੍ਹਾਂ ਨੂੰ ਦੋਸ਼ੀ ਮੰਨਿਆ ਗਿਆ ਤਾਂ ਫਿਰ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਦੁਬਾਰਾ ਵੋਟਿੰਗ ਕਰਵਾਉਣੀ ਹੋਵੇਗੀ।

Posted By: Harjinder Sodhi