ਵਾਸ਼ਿੰਗਟਨ (ਏਜੰਸੀਆਂ) : ਦੁਨੀਆ 'ਚ ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਇਸ ਖ਼ਤਰਨਾਕ ਵਾਇਰਸ ਦੀ ਲਪੇਟ 'ਚ ਆ ਕੇ ਇਨਫੈਕਟਿਡ ਹੋਣ ਵਾਲੇ ਲੋਕਾਂ ਦਾ ਵਿਸ਼ਵ ਪੱਧਰੀ ਅੰਕੜਾ ਤਿੰਨ ਕਰੋੜ ਤੋਂ ਪਾਰ ਪਹੁੰਚ ਗਿਆ ਹੈ। ਇਸ ਸਮੇਂ ਦੁਨੀਆ 'ਚ ਭਾਰਤ ਮਹਾਮਾਰੀ ਦਾ ਕੇਂਦਰ ਬਣ ਗਿਆ ਹੈ। ਹਾਲਾਂਕਿ ਦੁਨੀਆ ਭਰ 'ਚ ਹੁਣ ਤਕ ਜਿੰਨੇ ਇਨਫੈਕਟਿਡ ਮਿਲੇ ਹਨ, ਉਨ੍ਹਾਂ ਵਿਚੋਂ ਕਰੀਬ ਅੱਧੇ ਮਾਮਲੇ ਇਕੱਲੇ ਉੱਤਰੀ ਅਤੇ ਦੱਖਣੀ ਅਮਰੀਕਾ ਵਿਚ ਹਨ।

ਸਮਾਚਾਰ ਏਜੰਸੀ ਰਾਇਟਰ ਮੁਤਾਬਕ, ਦੁਨੀਆ 'ਚ ਵੀਰਵਾਰ ਨੂੰ ਕੋਰੋਨਾ ਪੀੜਤਾਂ ਦੀ ਗਿਣਤੀ ਤਿੰਨ ਕਰੋੜ ਦੇ ਪੱਧਰ ਨੂੰ ਪਾਰ ਕਰ ਗਈ। ਕੋਰੋਨਾ ਮਰੀਜ਼ਾਂ ਦਾ ਵਿਸ਼ਵ ਪੱਧਰੀ ਅੰਕੜਾ ਮਹਿਜ਼ 18 ਦਿਨਾਂ ਵਿਚ ਢਾਈ ਕਰੋੜ ਤੋਂ ਤਿੰਨ ਕਰੋੜ ਹੋ ਗਿਆ ਹੈ। ਦੁਨੀਆ ਵਿਚ ਹੁਣ ਤਕ ਕੋਰੋਨਾ ਨਾਲ 9 ਲੱਖ 45 ਹਜ਼ਾਰ ਪੀੜਤਾਂ ਦੀ ਜਾਨ ਗਈ ਹੈ। ਦੁਨੀਆ 'ਚ ਸਭ ਤੋਂ ਜ਼ਿਆਦਾ ਇਨਫੈਕਟਿਡ ਅਮਰੀਕਾ ਵਿਚ ਹਨ। ਇਸ ਦੇਸ਼ ਵਿਚ ਕੁਲ 68 ਲੱਖ ਤੋਂ ਜ਼ਿਆਦਾ ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ ਵਿਚੋਂ ਦੋ ਲੱਖ ਤੋਂ ਜ਼ਿਆਦਾ ਦੀ ਮੌਤ ਹੋਈ ਹੈ। ਦੁਨੀਆ 'ਚ ਹੁਣ ਤਕ ਪਾਏ ਗਏ ਕੁਲ ਇਨਫੈਕਟਿਡ ਲੋਕਾਂ ਵਿਚੋਂ ਕਰੀਬ 20 ਫ਼ੀਸਦੀ ਅਮਰੀਕਾ ਵਿਚ ਹਨ। ਇਸ ਤੋਂ ਬਾਅਦ ਭਾਰਤ ਦਾ ਨੰਬਰ ਹੈ, ਜਿੱਥੇ ਹੁਣ ਤਕ 51 ਲੱਖ ਤੋਂ ਜ਼ਿਆਦਾ ਮਾਮਲੇ ਪਾਏ ਗਏ ਹਨ। ਕੋਰੋਨਾ ਪ੍ਰਭਾਵਿਤ ਸਿਖਰਲੇ ਦੇਸ਼ਾਂ ਦੀ ਸੂਚੀ 'ਚ ਬ੍ਰਾਜ਼ੀਲ ਤੀਜੇ ਸਥਾਨ 'ਤੇ ਹੈ। ਇਸ ਲਾਤੀਨੀ ਅਮਰੀਕੀ ਦੇਸ਼ ਵਿਚ 44 ਲੱਖ ਤੋਂ ਜ਼ਿਆਦਾ ਪੀੜਤ ਮਿਲੇ ਹਨ।

ਇੰਗਲੈਂਡ 'ਚ ਨਵੇਂ ਮਾਮਲਿਆਂ 'ਚ 167 ਫ਼ੀਸਦੀ ਉਛਾਲ

ਇੰਗਲੈਂਡ 'ਚ ਅਗਸਤ ਦੇ ਆਖ਼ਰ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ 167 ਫ਼ੀਸਦੀ ਦਾ ਉਛਾਲ ਆਇਆ ਹੈ। ਰਾਸ਼ਟਰੀ ਸਿਹਤ ਸੇਵਾਵਾਂ ਨੇ ਦੱਸਿਆ ਕਿ ਬੀਤੀ ਜੁਲਾਈ ਤੋਂ ਹੀ ਪਾਜ਼ੇਟਿਵ ਕੇਸ ਵਧ ਰਹੇ ਹਨ। ਹੁਣ ਇਹ ਦਰ ਦੁੱਗਣੀ ਹੋ ਗਈ ਹੈ। ਇਧਰ, ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਕੋਰੋਨਾ ਦੇ ਕਹਿਰ 'ਤੇ ਰੋਕ ਲਾਉਣ ਲਈ ਸਖ਼ਤ ਉਪਾਏ ਕੀਤੇ ਜਾਣਗੇ। ਇਸ ਵਿਚਾਲੇ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਸਰਕਾਰ ਸਥਾਨਕ ਪੱਧਰ 'ਤੇ ਲਾਕਡਾਊਨ ਦੀ ਯੋਜਨਾ ਬਣਾ ਰਹੀ ਹੈ।

ਮਹਾਮਾਰੀ ਨੂੰ ਸਿਆਸੀ ਫੁੱਟਬਾਲ ਨਾ ਬਣਨ ਦਿਓ : ਡਬਲਯੂਐੱਚਓ

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਆਫ਼ਤ ਮਾਮਲਿਆਂ ਦੇ ਸਿਖਰਲੇ ਮਾਹਿਰ ਮਾਈਕ ਰਿਆਨ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਸਿਆਸੀ ਫੁੱਟਬਾਲ ਨਾ ਬਣਨ ਦਿੱਤਾ ਜਾਵੇ। ਸਾਰੇ ਦੇਸ਼ਾਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਕੋਰੋਨਾ ਪ੍ਰਤੀ ਲਗਾਤਾਰ ਸੁਚੇਤ ਕਰਦੇ ਰਹਿਣ। ਇਸ ਵਿਚਾਲੇ ਡਬਲਯੂਐੱਚਓ ਦੇ ਮੁਖੀ ਟੇਡ੍ਰੋਸ ਅਦਨੋਮ ਘੇਬਰੇਸਸ ਨੇ ਦੱਸਿਆ ਕਿ ਦੁਨੀਆ ਦੇ 170 ਤੋਂ ਜ਼ਿਆਦਾ ਦੇਸ਼ ਇਸ ਵਿਸ਼ਵ ਪੱਧਰੀ ਸੰਗਠਨ ਦੀ ਕੋਵੈਕਸ ਗਲੋਬਲ ਵੈਕਸੀਨ ਯੋਜਨਾ ਨਾਲ ਜੁੜ ਗਏ ਹਨ। ਇਸ ਯੋਜਨਾ ਤਹਿਤ 2021 ਦੇ ਅੰਤ ਤਕ ਵੈਕਸੀਨ ਦੀਆਂ ਦੋ ਅਰਬ ਖ਼ੁਰਾਕਾਂ ਤਿਆਰ ਕਰਨ ਦਾ ਟੀਚਾ ਹੈ। ਇਸ ਵਿਚਾਲੇ ਡਬਲਯੂਐੱਚਓ ਦੀ ਆਈ ਇਕ ਰਿਪੋਰਟ ਮੁਤਾਬਕ, ਕੋਰੋਨਾ ਨਾਲ ਮੁਕਾਬਲੇ ਵਿਚ ਹਰ ਸੱਤਵਾਂ ਸਿਹਤ ਮੁਲਾਜ਼ਮ ਇਨਫੈਕਟਿਡ ਪਾਇਆ ਜਾ ਰਿਹਾ ਹੈ। ਕੁਝ ਦੇਸ਼ਾਂ ਵਿਚ ਇਹ ਅੰਕੜਾ ਹਰ ਤਿੰਨ 'ਚੋਂ ਇਕ ਹੈ।