ਵਾਸ਼ਿੰਗਟਨ (ਪੀਟੀਆਈ) : ਅਮਰੀਕਾ 'ਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਦੀ ਪੁਸ਼ਟੀ ਖ਼ੁਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ਦਾ ਦਬਦਬਾ ਵੱਧ ਰਿਹਾ ਹੈ। ਉਹ ਧੂਮ ਮਚਾ ਰਹੇ ਹਨ। ਵੱਡੀ ਗਿਣਤੀ ਵਿਚ ਇਸ ਭਾਈਚਾਰੇ ਦੇ ਲੋਕ ਉਨ੍ਹਾਂ ਦੇ ਪ੍ਰਸ਼ਾਸਨ ਵਿਚ ਅਹਿਮ ਅਹੁਦਿਆਂ 'ਤੇ ਨਿਯੁਕਤ ਕੀਤੇ ਗਏ ਹਨ।

ਬਾਇਡਨ ਨੇ 50 ਤੋਂ ਵੀ ਘੱਟ ਦਿਨਾਂ ਦੇ ਕਾਰਜਕਾਲ ਵਿਚ ਆਪਣੇ ਪ੍ਰਸ਼ਾਸਨ ਵਿਚ 55 ਭਾਰਤਵੰਸ਼ੀਆਂ ਨੂੰ ਮਹੱਤਵਪੂਰਣ ਅਹੁਦਿਆਂ 'ਤੇ ਨਿਯੁਕਤ ਕੀਤਾ ਹੈ। ਸਰਕਾਰ ਦੇ ਲਗਪਗ ਸਾਰੇ ਵਿਭਾਗਾਂ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਮੌਜੂਦਗੀ ਹੋ ਗਈ ਹੈ। ਰਾਸ਼ਟਰਪਤੀ ਬਾਇਡਨ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਮੂਲ ਦੇ ਲੋਕ ਦੇਸ਼ ਵਿਚ ਧੂਮ ਮਚਾ ਰਹੇ ਹਨ। ਸਵਾਤੀ ਮੋਹਨ ਤੋਂ ਲੈ ਕੇ ਮੇਰੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਮੇਰੇ ਲਈ ਭਾਸ਼ਣ ਲਿਖਣ ਵਾਲੇ ਵਿਨੈ ਰੈੱਡੀ ਤਕ ਸਾਰੇ ਛਾਏ ਹੋਏ ਹਨ। ਤੁਸੀਂ ਸਾਰੇ ਅਸਾਧਾਰਨ ਹੋ। ਬਾਇਡਨ ਨੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਉਨ੍ਹਾਂ ਵਿਗਿਆਨੀਆਂ ਨਾਲ ਵਰਚੁਅਲ ਸੰਵਾਦ ਦੌਰਾਨ ਇਹ ਗੱਲ ਕਹੀ ਜੋ ਮੰਗਲ ਗ੍ਹਿ ਦੇ ਹਾਲੀਆ ਮਿਸ਼ਨ ਵਿਚ ਸ਼ਾਮਲ ਰਹੇ। ਨਾਸਾ ਨੇ 18 ਫਰਵਰੀ ਨੂੰ ਆਪਣੇ ਰੋਵਰ ਪਰਸੀਵੈਰੇਂਸ ਨੂੰ ਮੰਗਲ ਗ੍ਹਿ ਦੀ ਸਤ੍ਹਾ 'ਤੇ ਉਤਾਰਿਆ ਸੀ। ਇਸ ਲਾਲ ਗ੍ਹਿ 'ਤੇ ਨਾਸਾ ਰੋਵਰ ਦੀ ਇਤਿਹਾਸਕ ਲੈਂਡਿੰਗ ਵਿਚ ਭਾਰਤੀ ਮੂਲ ਦੀ ਵਿਗਿਆਨੀ ਡਾ. ਸਵਾਤੀ ਮੋਹਨ ਦੀ ਵੀ ਅਹਿਮ ਭੂਮਿਕਾ ਰਹੀ। ਉਹ ਇਸ ਮਿਸ਼ਨ ਲਈ ਗਾਈਡੈਂਸ, ਨੈਵੀਗੇਸ਼ਨ ਅਤੇ ਕੰਟਰੋਲ ਆਪਰੇਸ਼ਨ ਦੀ ਅਗਵਾਈ ਕਰ ਰਹੀ ਸੀ। ਜਦਕਿ ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਮਹਿਲਾ ਸਿਆਹਫਾਮ ਉਪ ਰਾਸ਼ਟਰਪਤੀ ਹੈ। ਉਨ੍ਹਾਂ ਨੇ 20 ਜਨਵਰੀ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ।

ਕਿਸੇ ਪ੍ਰਸ਼ਾਸਨ 'ਚ ਪਹਿਲੀ ਵਾਰ ਏਨੇ ਭਾਰਤਵੰਸ਼ੀ

20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਲੈਣ ਪਿੱਛੋਂ ਬਾਇਡਨ 55 ਭਾਰਤੀਆਂ ਨੂੰ ਆਪਣੇ ਪ੍ਰਸ਼ਾਸਨ ਦੇ ਅਹਿਮ ਅਹੁਦਿਆਂ 'ਤੇ ਨਿਯੁਕਤ ਜਾਂ ਨਾਮਜ਼ਦ ਕਰ ਚੁੱਕੇ ਹਨ। ਅਮਰੀਕਾ ਦਾ ਇਹ ਪਹਿਲਾ ਪ੍ਰਸ਼ਾਸਨ ਹੈ ਜਿਸ ਵਿਚ ਏਨੀ ਵੱਡੀ ਗਿਣਤੀ ਵਿਚ ਭਾਰਤਵੰਸ਼ੀ ਹਨ। ਉਨ੍ਹਾਂ ਨੇ ਡਾ. ਵਿਵੇਕ ਮੂਰਤੀ ਨੂੰ ਅਮਰੀਕਾ ਦਾ ਸਰਜਨ ਜਨਰਲ ਅਤੇ ਵਨਿਤਾ ਗੁਪਤਾ ਨੂੰ ਨਿਆਂ ਵਿਭਾਗ ਲਈ ਐਸੋਸੀਏਟ ਅਟਾਰਨੀ ਜਨਰਲ ਨਾਮਜ਼ਦ ਕੀਤਾ ਹੈ। ਇਨ੍ਹਾਂ ਦੀਆਂ ਨਿਯੁਕਤੀਆਂ 'ਤੇ ਮੋਹਰ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ।

'ਸਟਾਰ ਟਰੈਕ' ਦੇਖਣ ਤੋਂ ਮਿਲੀ ਨਾਸਾ ਲਈ ਪ੍ਰੇਰਣਾ : ਸਵਾਤੀ

ਬੈਂਗਲੁਰੂ ਵਿਚ ਪੈਦਾ ਹੋਈ ਸਵਾਤੀ ਮੋਹਨ ਨੇ ਰਾਸ਼ਟਰਪਤੀ ਬਾਇਡਨ ਨੂੰ ਦੱਸਿਆ ਕਿ ਨਾਸਾ ਵਿਚ ਆਉਣ ਦਾ ਰਸਤਾ ਉਸ ਸਮੇਂ ਖੁੱਲ੍ਹ ਗਿਆ ਸੀ ਜਦੋਂ ਉਨ੍ਹਾਂ ਨੇ ਬਚਪਨ ਵਿਚ 'ਸਟਾਰ ਟਰੈਕ' ਦੀ ਪਹਿਲੀ ਕੜੀ ਦੇਖੀ ਸੀ। ਇਸ ਟੀਵੀ ਸ਼ੋਅ ਨੂੰ ਦੇਖਣ ਨਾਲ ਨਾਸਾ ਨਾਲ ਜੁੜਨ ਦੀ ਪ੍ਰਰੇਰਣਾ ਮਿਲੀ ਸੀ। ਸਵਾਤੀ ਨੇ ਅਮਰੀਕੀ ਰਾਸ਼ਟਰਪਤੀ ਨਾਲ ਵਰਚੁਅਲ ਸੰਵਾਦ ਦੌਰਾਨ ਇਹ ਗੱਲ ਕਹੀ। ਸਵਾਤੀ ਜਦੋਂ ਸਿਰਫ਼ ਇਕ ਸਾਲ ਦੀ ਸੀ ਤਦ ਉਹ ਭਾਰਤ ਤੋਂ ਅਮਰੀਕਾ ਆ ਗਈ ਸੀ। ਉਨ੍ਹਾਂ ਆਪਣਾ ਜ਼ਿਆਦਾਤਰ ਬਚਪਨ ਉੱਤਰੀ ਵਰਜੀਨੀਆ-ਵਾਸ਼ਿੰਗਟਨ ਡੀਸੀ ਖੇਤਰ ਵਿਚ ਗੁਜ਼ਾਰਿਆ ਸੀ। 9 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਪਹਿਲੀ ਵਾਰ ਪ੍ਰਸਿੱਧ ਟੀਵੀ ਸ਼ੋਅ 'ਸਟਾਰ ਟਰੈਕ' ਦੇਖਿਆ ਸੀ। ਇਸ ਪਿੱਛੋਂ ਉਨ੍ਹਾਂ ਦੀ ਬ੍ਹਿਮੰਡ ਦੇ ਨਵੇਂ ਖੇਤਰਾਂ ਨੂੰ ਲੱਭਣ ਵਿਚ ਦਿਲਚਸਪੀ ਵੱਧ ਗਈ ਸੀ।

Posted By: Susheel Khanna