ਵਾਸ਼ਿੰਗਟਨ (ਏਜੰਸੀਆਂ) : ਦੁਨੀਆ 'ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਅਮਰੀਕਾ ਦੇ ਕੈਲੀਫੋਰਨੀਆ ਅਤੇ ਫਲੋਰੀਡਾ ਸੂਬਿਆਂ 'ਚ ਇਸ ਖ਼ਤਰਨਾਕ ਵਾਇਰਸ ਕਾਰਨ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਨ੍ਹਾਂ ਦੋਵਾਂ ਸੂਬਿਆਂ 'ਚ ਹਾਲ ਹੀ ਦੇ ਦਿਨਾਂ ਵਿਚ ਰੋਜ਼ਾਨਾ ਰਿਕਾਰਡ ਗਿਣਤੀ 'ਚ ਕੋਰੋਨਾ ਪੀੜਤ ਦਮ ਤੋੜ ਰਹੇ ਹਨ। ਇਸ ਨਾਲ ਦੁਨੀਆ ਦੇ ਇਸ ਸਭ ਤੋਂ ਤਾਕਤਵਰ ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 56 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਜਦਕਿ ਹੁਣ ਤਕ 47 ਲੱਖ ਤੋਂ ਜ਼ਿਆਦਾ ਲੋਕ ਇਸ ਘਾਤਕ ਵਾਇਰਸ ਦੀ ਲਪੇਟ ਵਿਚ ਆ ਕੇ ਕੋਰੋਨਾ ਪ੍ਰਭਾਵਿਤ ਹੋ ਚੁੱਕੇ ਹਨ।

ਖ਼ਬਰ ਏਜੰਸੀ ਰਾਇਟਰ ਦੇ ਡਾਟਾ ਅਨੁਸਾਰ ਸ਼ੁੱਕਰਵਾਰ ਨੂੰ ਫਲੋਰੀਡਾ 'ਚ 257 ਅਤੇ ਕੈਲੀਫੋਰਨੀਆ 'ਚ 208 ਪੀੜਤਾਂ ਦੀ ਜਾਨ ਗਈ। ਫਲੋਰੀਡਾ 'ਚ ਲਗਾਤਾਰ ਚੌਥੇ ਦਿਨ ਸਭ ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋਈ ਜਦਕਿ ਕੈਲੀਫੋਰਨੀਆ 'ਚ ਇਸ ਹਫ਼ਤੇ ਦੂਜੀ ਵਾਰ ਸਭ ਤੋਂ ਵੱਧ ਪੀੜਤਾਂ ਨੇ ਦਮ ਤੋੜਿਆ ਹੈ। ਮਿਸੀਸਿਪੀ, ਮੋਂਟਾਨਾ ਅਤੇ ਨੇਵਾਦਾ ਸੂਬਿਆਂ ਵਿਚ ਵੀ ਮਰਨ ਵਾਲਿਆਂ ਦੀ ਗਿਣਤੀ 'ਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇਸ ਕਾਰਨ ਅਮਰੀਕਾ 'ਚ ਜੁਲਾਈ ਦੌਰਾਨ ਕੁਲ 25 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਜਦਕਿ ਇਸ ਸਮੇਂ ਦੌਰਾਨ ਕਰੀਬ 18 ਲੱਖ 70 ਹਜ਼ਾਰ ਲੋਕ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ। ਜੁਲਾਈ 'ਚ ਅਮਰੀਕਾ 'ਚ ਮਿਲੇ ਕੁਲ ਨਵੇਂ ਮਾਮਲਿਆਂ ਵਿੱਚੋਂ ਤਿੰਨ ਲੱਖ 10 ਹਜ਼ਾਰ ਇਕੱਲੇ ਫਲੋਰੀਡਾ 'ਚ ਮਿਲੇ ਸਨ। ਕਰੀਬ ਏਨੇ ਹੀ ਮਾਮਲੇ ਕੈਲੀਫੋਰਨੀਆ 'ਚ ਮਿਲੇ ਸਨ ਜਦਕਿ ਟੈਕਸਾਸ 'ਚ ਤਕਰੀਬਨ ਦੋ ਲੱਖ 60 ਹਜ਼ਾਰ ਨਵੇਂ ਮਰੀਜ਼ ਮਿਲੇ ਸਨ। ਇਹ ਤਿੰਨੋਂ ਸੂਬੇ ਮਹਾਮਾਰੀ ਦੇ ਨਵੇਂ ਕੇਂਦਰ ਵਜੋਂ ਉਭਰੇ ਹਨ। ਇਨ੍ਹਾਂ ਦੇ ਇਲਾਵਾ ਪਿਛਲੇ ਮਹੀਨੇ ਅਲਬਾਮਾ, ਅਲਾਸਕਾ, ਐਰੀਜ਼ੋਨਾ, ਸਾਊਥ ਕੈਰੋਲੀਨਾ, ਅਰਕਾਂਸਸ, ਓਰੇਗਨ, ਵੈਸਟ ਵਰਜੀਨੀਆ, ਜਾਰਜੀਆ, ਹਵਾਈ, ਟੈਨੇਸੀ, ਮਿਸੀਸਿਪੀ, ਮੋਂਟਾਨਾ ਅਤੇ ਨੇਵਾਦਾ 'ਚ ਵੀ ਪੀੜਤਾਂ ਦੀ ਗਿਣਤੀ ਦੋਗੁਣੀ ਹੋ ਗਈ। ਅਮਰੀਕਾ 'ਚ 16 ਜੁਲਾਈ ਨੂੰ ਇਕ ਦਿਨ ਵਿਚ ਰਿਕਾਰਡ 77 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਸਨ।

ਜੌਨਸਨ ਨੇ ਲਾਕਡਾਊਨ 'ਚ ਹੋਰ ਢਿੱਲ ਦੇਣ ਦੀ ਯੋਜਨਾ ਟਾਲੀ

ਬਰਤਾਨੀਆ 'ਚ ਦੂਜੇ ਦੌਰ ਦੀ ਮਹਾਮਾਰੀ ਦੇ ਵੱਧਦੇ ਖ਼ਤਰੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਦੇਸ਼ ਵਿਚ ਲਾਕਡਾਊਨ 'ਚ ਹੋਰ ਢਿੱਲ ਦੇਣ ਦੀ ਯੋਜਨਾ ਨੂੰ ਦੋ ਹਫ਼ਤੇ ਲਈ ਟਾਲ ਦਿੱਤਾ ਹੈ। ਬੀਬੀਸੀ ਅਨੁਸਾਰ ਦੇਸ਼ 'ਚ ਨਵੇਂ ਮਾਮਲਿਆਂ 'ਚ ਵਾਧੇ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿਚ 880 ਨਵੇਂ ਮਾਮਲੇ ਮਿਲੇ ਹਨ ਜਦਕਿ 120 ਪੀੜਤਾਂ ਦੀ ਮੌਤ ਹੋਈ। ਬਰਤਾਨੀਆ 'ਚ ਹੁਣ ਤਕ ਤਿੰਨ ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਪ੍ਰਭਾਵਿਤ ਮਿਲੇ ਅਤੇ 46 ਹਜ਼ਾਰ ਤੋਂ ਵੱਧ ਦੀ ਮੌਤ ਹੋਈ ਹੈ।

ਮੈਕਸੀਕੋ 'ਚ ਵਿਗੜੇ ਹਾਲਾਤ, 46 ਹਜ਼ਾਰ ਤੋਂ ਵੱਧ ਦੀ ਮੌਤ

ਕੋਰੋਨਾ ਨਾਲ ਦੁਨੀਆ 'ਚ ਸਭ ਤੋਂ ਜ਼ਿਦਾ ਮੌਤਾਂ ਅਮਰੀਕਾ ਅਤੇ ਬ੍ਰਾਜ਼ੀਲ ਵਿਚ ਹੋਈਆਂ ਹਨ। ਇਸ ਪਿੱਛੋਂ ਤੀਜੇ ਥਾਂ 'ਤੇ ਮੈਕਸੀਕੋ ਪੁੱਜ ਗਿਆ ਹੈ। ਇਸ ਦੇਸ਼ ਵਿਚ ਹੁਣ ਤਕ 46 ਹਜ਼ਾਰ 688 ਪੀੜਤ ਦਮ ਤੋੜ ਚੁੱਕੇ ਹਨ। ਪਹਿਲੇ ਤੀਜੇ ਨੰਬਰ 'ਤੇ ਬਿ੍ਟੇਨ ਸੀ। ਇੱਥੇ 46 ਹਜ਼ਾਰ 119 ਦੀ ਜਾਨ ਗਈ ਹੈ। ਅਮਰੀਕਾ ਵਿਚ ਇਕ ਲੱਖ 55 ਹਜ਼ਾਰ ਅਤੇ ਬ੍ਰਾਜ਼ੀਲ ਵਿਚ 92 ਹਜ਼ਾਰ ਤੋਂ ਵੱਧ ਦੀ ਮੌਤ ਹੋਈ ਹੈ। ਮੈਕਸੀਕੋ 'ਚ ਕਰੀਬ ਸਵਾ ਚਾਰ ਲੱਖ ਲੋਕ ਕੋਰੋਨਾ ਪ੍ਰਭਾਵਿਤ ਮਿਲ ਚੁੱਕੇ ਹਨ।

ਰੂਸ 'ਚ ਵੱਡੇ ਪੈਮਾਨੇ 'ਤੇ ਟੀਕਾਕਰਨ ਦੀ ਤਿਆਰੀ

ਰੂਸ ਦੇ ਸਿਹਤ ਮੰਤਰੀ ਮਿਖਾਈਲ ਮੁਰਾਸ਼ਕੋ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਅਕਤੂਬਰ ਤੋਂ ਵੱਡੇ ਪੈਮਾਨੇ 'ਤੇ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦਾ ਕਲੀਨਿਕਲ ਟ੍ਰਾਇਲ ਪੂੁਰਾ ਹੋ ਚੁੱਕਾ ਹੈ।