international news ਵਾਸ਼ਿੰਗਟਨ (ਪੀਟੀਆਈ) : ਕੋਰੋਨਾ ਵਾਇਰਸ (ਕੋਵਿਡ-19) ਦੀ ਲਪੇਟ ਵਿਚ ਆਉਣ ਵਾਲੇ ਬੱਚਿਆਂ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਵਿਚ ਕੋਰੋਨਾ ਪ੍ਰਭਾਵਿਤ 800 ਤੋਂ ਜ਼ਿਆਦਾ ਬੱਚਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਬਿਨਾਂ ਲੱਛਣ ਵਾਲੇ ਬੱਚਿਆਂ ਵਿਚ ਇਸ ਘਾਤਕ ਵਾਇਰਸ ਦਾ ਨਿਮਨ ਪੱਧਰ ਪਾਇਆ ਗਿਆ ਹੈ ਜਦਕਿ ਉਨ੍ਹਾਂ ਬੱਚਿਆਂ ਵਿਚ ਕੋਰੋਨਾ ਦਾ ਪੱਧਰ ਜ਼ਿਆਦਾ ਪਾਇਆ ਗਿਆ ਜਿਨ੍ਹਾਂ ਵਿਚ ਕੋਰੋਨਾ ਇਨਫੈਕਸ਼ਨ ਦੇ ਲੱਛਣ ਉਭਰੇ ਹੋਏ ਹਨ।

ਕਲੀਨਿਕਲ ਮਾਈਕ੍ਰੋ ਬਾਇਓਲੋਜੀ ਪੱਤ੍ਕਾ ਵਿਚ ਪ੍ਰਕਾਸ਼ਿਤ ਅਧਿਐਨ ਅਨੁਸਾਰ, ਹਾਲਾਂਕਿ ਇਸ ਨਤੀਜੇ ਦਾ ਕਾਰਨ ਸਪੱਸ਼ਟ ਨਹੀਂ ਹੈ। ਨਾਲ ਹੀ ਇਹ ਗੱਲ ਵੀ ਪੂਰੀ ਤਰ੍ਹਾਂ ਸਾਫ਼ ਨਹੀਂ ਹੈ ਕਿ ਵਾਇਰਸ ਦਾ ਕਿੰਨਾ ਪੱਧਰ ਇਨਫੈਕਸ਼ਨ ਦੇ ਖ਼ਤਰੇ 'ਤੇ ਅਸਰ ਪਾ ਸਕਦਾ ਹੈ।

ਅਮਰੀਕਾ ਦੇ ਐੱਨ ਐਂਡ ਰਾਬਰਟ ਐੱਚ ਲੁਰੀ ਚਿਲਡਰਨਸ ਹਸਪਤਾਲ ਵਿਚ ਬਾਲ ਚਕਿਤਸਾ ਇਨਫੈਕਸ਼ਨ ਬਿਮਾਰੀਆਂ ਦੀ ਮਾਹਿਰ ਲੈਰੀ ਕੋਸੀਓਲੇਕ ਨੇ ਕਿਹਾ ਕਿ ਇਨ੍ਹਾਂ ਸਿੱਟਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਬੱਚਿਆਂ ਨੂੰ ਮਾਸਕ ਪਾਉਣ ਦੇ ਨਾਲ ਹੀ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਹੱਥਾਂ ਨੂੰ ਵੀ ਨਿਰੰਤਰ ਧੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਕਈ ਉਮਰ ਦੇ ਬੱਚਿਆਂ ਦਾ ਪ੍ਰਰੀਖਣ ਕੀਤਾ। ਇਨ੍ਹਾਂ ਵਿਚ ਬਿਨਾਂ ਲੱਛਣ ਵਾਲੇ ਪੀੜਤਾਂ ਤੋਂ ਲੈ ਕੇ ਉਨ੍ਹਾਂ ਬੱਚਿਆਂ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ ਜਿਨ੍ਹਾਂ ਵਿਚ ਵਾਇਰਸ ਦਾ ਪੱਧਰ ਉੱਚ ਸੀ। ਖੋਜਕਾਰਾਂ ਅਨੁਸਾਰ 17 ਸਾਲਾਂ ਤਕ ਦੇ ਕੋਰੋਨਾ ਪੀੜਤ ਬੱਚਿਆਂ 'ਤੇ ਇਹ ਅਧਿਐਨ ਕੀਤਾ ਗਿਆ। ਪੀੜਤਾਂ ਵਿਚ 339 ਬਿਨਾਂ ਲੱਛਣ ਵਾਲੇ ਅਤੇ 478 ਲੱਛਣ ਵਾਲੇ ਬੱਚੇ ਸਨ। ਅਮਰੀਕਾ ਦੇ ਬੋਸਟਨ ਚਿਲਡਰਨਸ ਹਸਪਤਾਲ ਦੀ ਖੋਜਕਰਤਾ ਨੀਰਾ ਪੋਲਾਕ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਬਿਨਾਂ ਲੱਛਣ ਵਾਲੇ ਬੱਚਿਆਂ ਵਿਚ ਵਾਇਰਸ ਦੇ ਪੱਧਰ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਹੋਰ ਅਧਿਐਨ ਕੀਤੇ ਜਾਣ ਦੀ ਲੋੜ ਹੈ।