ਵਾਸ਼ਿੰਗਟਨ (ਏਜੰਸੀਆਂ) : ਅਮਰੀਕੀ ਸੁਪਰੀਮ ਕੋਰਟ ਟੈਕਸ ਰਿਟਰਨ ਅਤੇ ਵਿੱਤੀ ਰਿਕਾਰਡ ਨਾਲ ਜੁੜੇ ਤਿੰਨ ਅਲੱਗ-ਅਲੱਗ ਮਾਮਲਿਆਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਪੀਲ 'ਤੇ ਸੁਣਵਾਈ ਲਈ ਤਿਆਰ ਹੋ ਗਿਆ ਹੈ। ਕੰਜ਼ਰਵੇਟਿਵ ਜੱਜਾਂ ਦੀ ਬਹੁਮਤ ਵਾਲੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਮਾਰਚ ਵਿਚ ਸੁਣਵਾਈ ਕਰੇਗਾ ਅਤੇ 30 ਜੂਨ ਤੋਂ ਪਹਿਲੇ ਫ਼ੈਸਲਾ ਸੁਣਾ ਦੇਵੇਗਾ। ਟਰੰਪ, ਰਿਚਰਡ ਨਿਕਸਨ ਪਿੱਛੋਂ ਪਹਿਲੇ ਅਜਿਹੇ ਅਮਰੀਕੀ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਆਪਣਾ ਟੈਕਸ ਰਿਟਰਨ ਜਨਤਕ ਨਹੀਂ ਕੀਤਾ ਹੈ। ਇਸ ਦੇ ਪਿੱਛੇ ਉਨ੍ਹਾਂ ਦਾ ਤਰਕ ਹੈ ਕਿ ਉਹ ਅੰਦਰੂਨੀ ਮਾਲੀਆ ਸੇਵਾ (ਆਈਆਰਐੱਸ) ਵੱਲੋਂ ਕੀਤੇ ਜਾਣ ਵਾਲੇ ਆਡਿਟ ਤਹਿਤ ਆਉਂਦੇ ਹਨ।

ਟਰੰਪ ਦੇ ਵਕੀਲ ਜੇ. ਸੇਕੁਲੋ ਨੇ ਇਕ ਬਿਆਨ ਵਿਚ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਸੁਪਰੀਮ ਕੋਰਟ ਰਾਸ਼ਟਰਪਤੀ ਨਾਲ ਜੁੜੇ ਤਿੰਨ ਲਟਕਦੇ ਮਾਮਲਿਆਂ ਦੀ ਸਮੀਖਿਆ ਲਈ ਤਿਆਰ ਹੋ ਗਿਆ ਹੈ। ਇਹ ਮਾਮਲੇ ਮਹੱਤਵਪੂਰਣ ਸੰਵਿਧਾਨਕ ਮੁੱਦਿਆਂ ਨਾਲ ਜੁੜੇ ਹਨ। ਜਦੋਂ ਵੀ ਸੁਣਵਾਈ ਹੋਵੇਗੀ ਅਸੀਂ ਆਪਣੇ ਲਿਖਤੀ ਅਤੇ ਮੌਖਿਕ ਤਰਕ ਅਦਾਲਤ ਦੇ ਸਾਹਮਣੇ ਪੇਸ਼ ਕਰਾਂਗੇ।

ਦਰਅਸਲ ਡੈਮੋਕ੍ਰੇਟਿਕ ਪਾਰਟੀ ਵੱਲੋਂ ਟਰੰਪ ਖ਼ਿਲਾਫ਼ ਜਾਇਦਾਦ ਨਾਲ ਜੁੜੇ ਦੋ ਮਾਮਲੇ ਦਰਜ ਹਨ। ਇਕ ਵਿਚ, ਸੰਸਦ ਦੀ ਹਾਊਸ ਓਵਰਸਾਈਟ ਐਂਡ ਰਿਫਾਰਮ ਕਮੇਟੀ ਨੇ ਟਰੰਪ ਦੇ ਸਾਲਾਂ ਤਕ ਦੇ ਵਿਅਕਤੀਗਤ ਅਤੇ ਕਾਰਪੋਰੇਟ ਵਿੱਤੀ ਰਿਕਾਰਡ ਲਈ ਅਮਰੀਕੀ ਰਾਸ਼ਟਰਪਤੀ ਦੀ ਅਕਾਊਂਟਿੰਗ ਫਰਮ 'ਮਜਰਸ ਯੂਐੱਸਏ' ਨੂੰ ਸੰਮਨ ਜਾਰੀ ਕੀਤਾ ਹੈ। ਦੂਜੇ ਵਿਚ, ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਧੰਦੇ ਨਾਲ ਸਬੰਧਿਤ ਵਿੱਤੀ ਦਸਤਾਵੇਜ਼ਾਂ ਲਈ ਹਾਊਸ ਫਾਇਨੈਂਸ਼ੀਅਲ ਸਰਵਿਸਿਜ਼ ਅਤੇ ਇੰਟੈਲੀਜੈਂਸ ਕਮੇਟੀਆਂ ਨੇ ਡਿਊਸ਼ ਬੈਂਕ ਅਤੇ ਕੈਪੀਟਲ ਵਨ ਨੂੰ ਸੰਮਨ ਜਾਰੀ ਕੀਤਾ ਹੈ। ਉਧਰ, ਤੀਜੇ ਮਾਮਲੇ ਵਿਚ ਟਰੰਪ ਦੇ ਵਿਅਕਤੀਗਤ ਇਨਕਮ ਟੈਕਸ ਰਿਟਰਨ ਨਾਲ ਜੁੜੀ ਜਾਣਕਾਰੀ ਲਈ ਮਜਰਸ ਯੂਐੱਸਏ ਨੂੰ ਇਕ ਸੰਮਨ ਜਾਰੀ ਕੀਤਾ ਗਿਆ ਹੈ।