ਵੇਲਿੰਗਟਨ (ਏਪੀ) : ਲੰਬੇ ਸਮੇਂ ਤੋਂ ਅੱਤਵਾਦੀ ਇੰਟਰਨੈੱਟ ਨੂੰ ਹਥਿਆਰ ਬਣਾ ਕੇ ਹਿੰਸਾ ਫੈਲਾਉਣ ਦੀ ਮੁਹਿੰਮ ਚਲਾ ਰਹੇ ਹਨ। ਨਿਊਜ਼ੀਲੈਂਡ ਤੇ ਫਰਾਂਸ ਨੇ ਇਸ ਖ਼ਿਲਾਫ਼ 'ਕ੍ਰਾਈਸਟਚਰਚ ਕਾਲ' ਮੁਹਿੰਮ ਸ਼ੁਰੂ ਕੀਤੀ ਹੈ। ਅਮਰੀਕਾ ਵੀ ਹੁਣ ਇਸ 'ਚ ਅਧਿਕਾਰਿਤ ਤੌਰ 'ਤੇ ਸ਼ਾਮਲ ਹੋ ਗਿਆ ਹੈ। ਮੁਹਿੰਮ 'ਚ ਹੁਣ ਤਕ 50 ਦੇਸ਼ ਤੇ ਦੁਨੀਆ ਦੀਆਂ ਜ਼ਿਆਦਾਤਰ ਟੈੱਕ ਕੰਪਨੀਆਂ ਜੁੜ ਚੁੱਕੀਆਂ ਹਨ।

ਇਸ ਸਬੰਧੀ ਸ਼ਨਿਚਰਵਾਰ ਨੂੰ ਇਕ ਵਰਚੁਅਲ ਬੈਠਕ ਹੋਈ। ਇਸ 'ਚ ਕਈ ਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਮੁਹਿੰਮ ਦੀ ਪਹਿਲ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਕੀਤੀ ਸੀ। 2019 'ਚ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਤੇ ਹਮਲਾ ਕਰ ਕੇ 49 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਹੱਤਿਆਰਿਆਂ ਨੇ ਘਟਨਾ ਨੂੰ ਅੰਜਾਮ ਦੇਣ ਦੇ ਨਾਲ ਹੀ ਇਸ ਦੀ ਲਾਈਵ ਸਟ੍ਰੀਮਿੰਗ ਆਪਣੇ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਕੀਤੀ। ਕੁਝ ਹੀ ਦੇਰ 'ਚ ਪੂਰੀ ਦੁਨੀਆ 'ਚ ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਲੱਗਾ। ਫਰਾਂਸ 'ਚ ਅਜਿਹੀਆਂ ਘਟਨਾਵਾਂ ਤੋਂ ਬਾਅਦ ਵੀ ਇੰਟਰਨੈੱਟ ਪਲੇਟਫਾਰਮ ਦੀ ਵਰਤੋਂ ਕੀਤੀ ਗਈ। ਫਰਾਂਸ ਵੀ 'ਕ੍ਰਾਈਸਟਚਰਚ ਕਾਲ' ਮੁਹਿੰਮ ਨਾਲ ਜੁੜ ਗਿਆ। ਮਕਸਦ ਅੱਤਵਾਦੀਆਂ ਦੀ ਇੰਟਰਨੈੱਟ ਜ਼ਰੀਏ ਫੈਲਾਈ ਜਾ ਰਹੀ ਹਿੰਸਾ ਨੂੰ ਰੋਕਣਾ ਹੈ।