ਵਾਸ਼ਿੰਗਟਨ (ਪੀਟੀਆਈ) : ਭਾਰਤੀ ਮੂਲ ਦੇ ਜੱਜ ਸ਼੍ਰੀ ਸ਼੍ਰੀਨਿਵਾਸਨ ਅਮਰੀਕਾ ਦੀ ਸ਼ਕਤੀਸ਼ਾਲੀ ਫੈਡਰਲ ਅਪੀਲ ਕੋਰਟ ਦੀ ਕਮਾਨ ਸੰਭਾਲਣ ਵਾਲੇ ਦੱਖਣ ਏਸ਼ੀਆਈ ਮੂਲ ਦੇ ਪਹਿਲੇ ਵਿਅਕਤੀ ਬਣ ਗਏ ਹਨ। ਅਮਰੀਕਾ ਵਿਚ ਸੁਪਰੀਮ ਕੋਰਟ ਤੋਂ ਬਾਅਦ ਫੈਡਰਲ ਅਪੀਲ ਕੋਰਟ ਨੂੰ ਹੀ ਸਭ ਤੋਂ ਸ਼ਕਤੀਸ਼ਾਲੀ ਅਦਾਲਤ ਮੰਨਿਆ ਜਾਂਦਾ ਹੈ। 52 ਸਾਲਾ ਸ਼੍ਰੀਨਿਵਾਸਨ ਨੇ ਲੰਘੀ 12 ਫਰਵਰੀ ਨੂੰ ਡੀਸੀ ਸਰਕਟ ਦੀ ਅਪੀਲ ਕੋਰਟ ਦੇ ਮੁੱਖ ਜੱਜ ਦਾ ਅਹੁਦਾ ਸੰਭਾਲ ਕੇ ਇਤਿਹਾਸ ਰਚਿਆ।

ਚੰਡੀਗੜ੍ਹ ਵਿਚ ਜਨਮੇ ਸ਼੍ਰੀਨਿਵਾਸਨ ਅਮਰੀਕੀ ਨਿਆਪਾਲਿਕਾ ਵਿਚ ਏਨੇ ਉੱਚੇ ਅਹੁਦੇ 'ਤੇ ਬੈਠਣ ਵਾਲੇ ਦੂਜੇ ਭਾਰਤੀ ਹਨ। ਇਸ ਤੋਂ ਪਹਿਲਾਂ ਪ੍ਰਸਿੱਧ ਅਮਰੀਕੀ ਵਕੀਲ ਨੇਓਮੀ ਜਹਾਂਗੀਰ ਰਾਓ ਨੂੰ ਡਿਸਟ੍ਰਿਕ ਆਫ ਕੋਲੰਬੀਆ ਸਰਕਟ ਕੋਰਟ ਵਿਚ ਜੱਜ ਨਿਯੁਕਤ ਕੀਤਾ ਗਿਆ ਸੀ। ਸੁਪਰੀਮ ਕੋਰਟ ਦੇ ਜੱਜ ਲਈ ਵੀ ਸ਼੍ਰੀਨਿਵਾਸਨ ਦੇ ਨਾਂ 'ਤੇ ਵਿਚਾਰ ਕੀਤਾ ਜਾ ਚੁੱਕਾ ਹੈ। ਸ਼੍ਰੀਨਿਵਾਸ ਨੇ ਫੈਡਰਲ ਸਰਕਟ ਕੋਰਟ ਵਿਚ ਮੈਰਿਕ ਗਾਰਲੈਂਡ ਦੀ ਜਗ੍ਹਾ ਲਈ ਹੈ। ਗਾਰਲੈਂਡ ਨੂੰ ਤੱਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਫੈਡਰਲ ਕੋਰਟ ਵਿਚ ਨਾਮਜ਼ਦ ਕੀਤਾ ਸੀ ਪਰ 2016 ਵਿਚ ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਸ਼੍ਰੀਨਿਵਾਸਨ ਕੰਸਾਸ ਦੇ ਲਾਰੇਂਸ ਵਿਚ ਪਲੇ-ਵੱਡੇ ਹੋਏ ਹਨ। ਉਨ੍ਹਾਂ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ ਸਟੈਨਫੋਰਡ ਗ੍ਰੈਜੂਏਟ ਸਕੂਲ ਆਫ ਬਿਜ਼ਨਸ ਤੋਂ ਐੱਮਬੀਏ ਕੀਤੀ ਹੈ।

Posted By: Rajnish Kaur