ਕੇਪ ਕੈਨੈਵਰਲ, ਏਪੀ : ਐਲਨ ਮਸਕ (Elon Musk) ਦੀ ਕੰਪਨੀ ਸਪੇਸਐਕਸ (SpaceX) ਦਾ ਰਾਕੇਟ ਸ਼ਨਿਚਰਵਾਰ ਨੂੰ ਅਮਰੀਕੀ ਪੁਲਾੜ ਯਾਤਰੀਆਂ ਨੂੰ ਲੈ ਕੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਰਵਾਨਾ ਹੋ ਗਿਆ। ਨਿਊਜ਼ ਏਜੰਸੀ ਏਪੀ ਮੁਤਾਬਿਕ, ਜਿਵੇਂ ਹੀ ਕਾਉਂਟਡਾਊਨ ਖ਼ਤਮ ਹੋਇਆ ਨਾਸਾ ਦੇ ਰਾਬਰਟ ਬੈਨਕੇਨ (Bob Behnken) ਤੇ ਡਗਲਸ ਹਰਲੇ (Doug Hurley) ਨਾਂ ਦੇ ਦੋ ਪੁਲਾੜ ਯਾਤਰੀਆਂ ਸਮੇਤ ਡ੍ਰੈਗਨ ਕੈਪਸੂਲ (Dragon Capsule) ਨੂੰ ਲੈ ਕੇ ਨਿੱਜੀ ਕੰਪਨੀ ਸਪੇਸ ਐਕਸ ਦਾ ਰਾਕੇਟ ਫਾਲਕਨ-9 ਸਥਾਨਕ ਸਮੇਂ ਮੁਤਾਬਿਕ ਸਵੇਰੇ 3.22 ਵਜੇ ਆਪਣੀ ਯਾਤਰਾ 'ਤੇ ਰਵਾਨਾ ਹੋ ਗਿਆ।

ਸੁਰੱਖਿਅਤ ਪੰਧ 'ਚ ਪੁੱਜਾ ਕੈਪਸੂਲ

ਰਿਪੋਰਟ 'ਚ ਕਿਹਾ ਗਿਆ ਹੈ ਕਿ ਲਾਂਚ ਕੀਤੇ ਗਏ ਰਾਕੇਟ ਨੇ ਕੁਝ ਹੀ ਮਿੰਟਾਂ ਅੰਦਰ ਪੁਲਾੜ ਯਾਤਰੀਆਂ ਨੂੰ ਸੁਰੱਖਿਅਤ ਪੰਧ (Orbit) 'ਚ ਪਹੁੰਚਾ ਦਿੱਤਾ। ਇਸ ਦੌਰਾਨ ਸਪੇਸ ਏਜੰਸੀ ਨਾਸਾ ਨੇ ਆਪ੍ਰੇਸ਼ਨ 'ਤੇ ਬਾਰੀਕੀ ਨਾਲ ਨਜ਼ਰ ਰੱਖੀ ਹੋਈ ਹੈ। ਉਡਾਣ ਤੋਂ ਕੁਝ ਸੈਕੰਡ ਪਹਿਲਾਂ ਡਗਲਸ ਹਰਲੇ (Doug Hurley) ਨੇ ਕਿਹਾ ਕਿ 'ਆਈਏ ਯਹ ਦੀਆ ਜਲਾਏਂ' (Lets light this candle).... ਠੀਕ ਇਹੀ ਵਾਕਿਆ ਏਲਨ ਸ਼ੈਪਰਡ (Alan Shepard) ਨੇ ਸਾਲ 1961 'ਚ ਪਹਿਲੇ ਮਨੁੱਖੀ ਸਪੇਸ ਮਿਸ਼ਨ ਦੌਰਾਨ ਕਿਹਾ ਸੀ।

ਸਟੇਸ਼ਨ ਪਹੁੰਚਣ 'ਚ ਲੱਗਣਗੇ 19 ਘੰਟੇ

ਅਮਰੀਕਾ 'ਚ ਪਹਿਲੀ ਵਾਰ ਕਿਸੇ ਨਿੱਜੀ ਕੰਪਨੀ ਦੇ ਰਾਕੇਟ ਨੇ ਡ੍ਰੈਗਨ ਕੈਪਸੂਲ 'ਚ ਪੁਲਾੜ ਯਾਤਰੀਆਂ ਸਮੇਤ ਉਡਾਣ ਭਰੀ ਹੈ। ਇਸ ਲਾਂਚਿੰਗ ਦੇ ਨਾਲ ਹੀ ਅਮਰੀਕਾ 'ਚ ਕਮਰਸ਼ੀਅਲ ਸਪੇਸ ਟ੍ਰੈਵਲ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ ਹੈ। ਅਮਰੀਕਾ ਤੋਂ ਪਹਿਲਾਂ ਰੂਸ ਤੇ ਚੀਨ ਅਜਿਹਾ ਕਰ ਚੁੱਕੇ ਹਨ। ਪੁਲਾੜ ਜਾਣ ਦੌਰਾਨ ਪੁਲਾੜ ਯਾਤਰੀਆਂ ਨੂੰ ਉੱਥੇ ਹਵਾ ਦੀ ਰਫ਼ਤਾਰ ਕੰਟਰੋਲ ਦੇ ਦਾਇਰੇ 'ਚ ਰਹਿਣ ਦੀ ਜ਼ਰੂਰਤ ਪਵੇਗੀ। ਪੁਲਾੜ ਯਾਤਰੀਆਂ ਦੀ ਮੰਜ਼ਿਲ ਯਾਨੀ ਕੌਮਾਂਤਰੀ ਪੁਲਾੜ ਸਟੇਸ਼ਨ 10 ਘੰਟੇ ਦੀ ਉਡਾਣ ਦੂਰੀ 'ਤੇ ਮੌਜੂਦ ਹੈ।

ਅਮਰੀਕੀ ਧਰਤੀ ਤੋਂ ਇਕ ਦਹਾਕੇ ਬਾਅਦ ਬਣਿਆ ਰਿਕਾਰਡ

ਅੰਕੜਿਆਂ ਦੇ ਲਿਹਾਜ਼ ਤੋਂ ਦੇਖੀਏ ਤਾਂ 21 ਜੁਲਾਈ 2011 ਤੋਂ ਬਾਅਦ ਪਹਿਲੀ ਵਾਰ ਅਮਰੀਕੀ ਧਰਤੀ ਤੋਂ ਕੋਈ ਮਨੁੱਖੀ ਮਿਸ਼ਨ ਸਪੇਸ ਭੇਜਿਆ ਗਿਆ ਹੈ। ਇਹ ਲਾਂਚਿੰਗ ਉਸੇ ਲਾਂਚ ਪੈਡ ਤੋਂ ਹੋਈ ਜਿਸ ਰਾਹੀਂ 50 ਸਾਲ ਪਹਿਲਾਂ ਅਪੋਲੋ ਪੁਲਾੜ ਯਾਤਰੀਆਂ ਨੂੰ ਚੰਦਰਮਾ 'ਤੇ ਭੇਜਿਆ ਗਿਆ ਸੀ। ਏਪੀ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਦੋਵੇਂ ਪੁਲਾੜ ਯਾਤਰੀ ਤੈਅ ਸ਼ਡਿਊਲ ਤਹਿਤ ਐਤਵਾਰ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ਪਹੁੰਚਣਗੇ। ਦੋਵੇਂ ਚਾਰ ਮਹੀਨੇ ਤਕ ਸਪੇਸ ਸਟੇਸ਼ਨ 'ਤੇ ਰਹਿਣਗੇ ਤੇ ਬਾਅਦ 'ਚ ਧਰਤੀ 'ਤੇ ਵਾਪਸ ਆਉਣਗੇ।

ਮਿਸ਼ਨ ਨੂੰ ਡੈਮੋ-2 ਦਿੱਤਾ ਗਿਆ ਨਾਂ

ਇਸ ਮਿਸ਼ਨ ਨੂੰ ਡੈਮੋ-2 ਮਿਸ਼ਨ ਨਾਂ ਦਿੱਤਾ ਗਿਆ ਹੈ। ਡੈਮੋ-1 ਮਿਸ਼ਨ 'ਚ ਡ੍ਰੈਗਨ ਸਪੇਸਕ੍ਰਾਫਟ ਤੋਂ ਸਪੇਸ ਸਟੇਸ਼ਨ 'ਤੇ ਸਫਲਤਾਪੂਰਵਕ ਸਾਮਾਨ ਪਹੁੰਚਾਇਆ ਗਿਆ ਸੀ। ਸਪੇਸਐਕਸ ਨਾਸਾ ਦੇ ਪੁਲਾੜ ਯਾਤਰੀਆਂ ਨੂੰ ਫਾਲਕਨ-9 ਰਾਕੇਟ ਜ਼ਰੀਏ ਡ੍ਰੈਗਨ ਸਪੇਸਕ੍ਰਾਫਟ ਜ਼ਰੀਏ ਕੌਮਾਂਤਰੀ ਪੁਲਾੜ ਸਟੇਸ਼ਨ ਭੇਜੇਗਾ। ਇਹ ਪਹਿਲਾ ਮੌਕਾ ਹੈ ਜਦੋਂ ਸਰਕਾਰ ਦੀ ਬਜਾਏ ਕਿਸੇ ਨਿੱਜੀ ਕੰਪਨੀ ਨੇ ਪੁਲਾੜ ਯਾਤਰੀਆਂ ਨੂੰ ਸਪੇਸ ਭੇਜਿਆ ਹੈ। ਇਹ ਲਾਂਚਿੰਗ 27 ਨਵੰਬਰ ਨੂੰ ਹੋਣੀ ਸੀ ਪਰ ਖ਼ਰਾਬ ਮੌਸਮ ਕਾਰਨ ਇਸ ਨੂੰ ਟਾਲਣਾ ਪਿਆ ਸੀ।

Posted By: Seema Anand