ਵਾਸ਼ਿੰਗਟਨ (ਏਜੰਸੀਆਂ) : ਦੱਖਣੀ ਕੈਰੋਲਿਨਾ ਅਮਰੀਕੀ ਸੂਬਾ ਮੌਤ ਦੀ ਸਜ਼ਾ ਦੇ ਤਰੀਕੇ 'ਚ ਫਾਇਰਿੰਗ ਸਕੁਆਇਡ ਨੂੰ ਸ਼ਾਮਲ ਕਰਨ ਦੀ ਦਿਸ਼ਾ 'ਚ ਇਕ ਕਦਮ ਅੱਗੇ ਵਧ ਚੁੱਕਿਆ ਹੈ। ਜ਼ਹਿਰੀਲੇ ਇੰਜੈਕਸ਼ਨ ਦੀ ਕਮੀ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਜਾ ਰਿਹਾ ਹੈ। ਦੱਖਣੀ ਪੂਰਬੀ ਅਮਰੀਕੀ ਸੂਬੇ ਦੇ ਹੇਠਲੇ ਸਦਨ ਨੇ ਬੁੱਧਵਾਰ ਨੂੰ 43ਦੇ ਮੁਕਾਬਲੇ 66 ਵੋਟਾਂ ਨਾਲ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਇਸ ਬਿੱਲ 'ਚ ਮੌਤ ਦੀ ਸਜ਼ਾ ਹਾਸਲ ਕਰਨ ਵਾਲੇ ਕੈਦੀ ਨੂੰ ਇੰਜੈਕਸ਼ਨ ਦੀ ਘਾਟ 'ਚ ਫਾਇਰਿੰਗ ਸਕਵਾਇਡ ਜਾਂ ਇਲੈਕਟਿ੍ਕ ਚੇਅਰ ਦੀ ਚੋਣ ਕਰਨ ਦੀ ਜ਼ਰੂਰਤ ਪਵੇਗੀ।

ਹੇਠਲੇ ਸਦਨ ਤੋਂ ਪਾਸ ਬਿੱਲ ਹੁਣ ਮਨਜ਼ੂਰੀ ਲਈ ਸੈਨੇਟ ਕੋਲ ਭੇਜਿਆ ਜਾਵੇਗਾ। ਸੈਨੇਟ ਨੇ ਫਰਵਰੀ 'ਚ 11 ਦੇ ਮੁਕਾਬਲੇ 32 ਵੋਟਾਂ ਨਾਲ ਇਸ ਨੂੰ ਪਾਸ ਕੀਤਾ ਸੀ। ਰਿਪਬਲਿਕਨ ਗਵਰਨਰ ਹੈਨਰੀ ਮੈਕਮਾਸਟਰ ਨੇ ਆਪਣੇ ਕੋਲ ਬਿੱਲ ਆਉਣ 'ਤੇ ਹਸਤਾਖਰ ਕਰਨ ਦੀ ਗੱਲ ਕਹੀ ਹੈ।