ਵਾਸ਼ਿੰਗਟਨ : ਟੈਕਸਾਸ 'ਚ ਦੋ ਇੰਜਣ ਵਾਲਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਸੋਮਵਾਰ ਸਥਾਨਕ ਸਮੇਂ ਅਨੁਸਾਰ ਸਵੇਰੇ 9 ਵਜੇ ਕੇਰਵਿਲੇ ਮਿਊਂਸਪਲ ਏਅਰਪੋਰਟ ਨੇੜੇ ਇਹ ਹਾਦਸਾ ਵਾਪਰਿਆ। ਇਸ ਬਾਰੇ ਟੈਕਸਾਸ ਦੇ ਜਨਤਕ ਸੁਰੱਖਿਆ ਬਾਰੇ ਵਿਭਾਗ ਦੇ ਮੁਖੀ ਲੈਫ. ਜੇਸਨ ਰੇਈਸ ਨੇ ਜਾਣਕਾਰੀ ਦਿੱਤੀ। ਬੀਚਕ੍ਰਾਫਟ ਬੀਈ58 ਨਾਮਕ ਇਹ ਜਹਾਜ਼ ਕੇਰਵਿਲੇ ਮਿਊਂਸਪਲ ਏਅਰਪੋਰਟ 'ਤੇ ਲੈਂਡ ਕਰਨ ਹੀ ਵਾਲਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਦੱਸਿਆ ਕਿ ਕੇਰਵਿਲੇ ਸਾਨ ਐਂਟੋਨੀਓ ਤੋਂ 65 ਮੀਲ ਦੀ ਦੂਰੀ 'ਤੇ ਉੱਤਰ-ਪੱਛਮ 'ਚ ਸਥਿਤ ਹੈ। ਜਹਾਜ਼ ਦਾ ਮਲਬਾ ਹਵਾਈ ਅੱਡੇ ਤੋਂ ਛੇ ਕਿਲੋਮੀਟਰ ਦੀ ਦੂਰੀ 'ਤੇ ਮਿਲਿਆ। ਜਹਾਜ਼ ਨੇ ਹੌਸਟਨ ਦੇ ਵੈਸਟ ਹੌਸਟਨ ਏਅਰਪੋਰਟ ਤੋਂ ਉਡਾਣ ਭਰੀ ਸੀ। ਸਰਕਾਰ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।