ਵਾਸ਼ਿੰਗਟਨ : ਦੁਨੀਆ ਦੀਆਂ ਦੋ ਵੱਡੀਆਂ ਆਰਥਿਕ ਸ਼ਕਤੀਆਂ ਵਿਚਾਲੇ ਨਾ ਤਾਂ ਕਦੇ ਪ੍ਰਸ਼ਾਂਤ ਖੇਤਰ ’ਚ ਅਮਰੀਕੀ ਮਿਜ਼ਾਈਲ ਰੱਖਿਆ ਪ੍ਰਣਾਲੀ ਦੇ ਮੁੱਦੇ ’ਤੇ ਗੱਲ ਹੋਈ, ਨਾ ਹੀ ਕਦੇ ਵਿਵਾਦ ਦੀ ਸਥਿਤੀ ’ਚ ਅਮਰੀਕੀ ਉਪ-ਗ੍ਰਹਿਾਂ ਨੂੰ ਨਕਾਰਾ ਕਰਨ ਸਬੰਧੀ ਚੀਨ ਦੇ ਤਜਰਬਿਆਂ ’ਤੇ ਚਰਚਾ। ਚੀਨ ਨੇ ਹਮੇਸ਼ਾ ਹੀ ਪਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ਸਬੰਧੀ ਅਮਰੀਕੀ ਵਿਚਾਰਾਂ ਨੂੁੰ ਖ਼ਾਰਜ ਕੀਤਾ ਹੈ। ਉਸ ਦਾ ਸਾਫ ਤੌਰ ’ਤੇ ਕਹਿਣਾ ਹੈ ਕਿ ਅਮਰੀਕਾ ਤੇ ਰੂਸ ਕੋਲ ਚੀਨ ਤੋਂ ਪੰਜ ਗੁਣਾ ਜ਼ਿਆਦਾ ਪਰਮਾਣੂ ਹਥਿਆਰ ਹਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਇਨ੍ਹਾਂ ਹਾਲਤਾਂ ’ਚ ਬਦਲਾਅ ਲਿਆਉਣਾ ਚਾਹੁੰਦੇ ਹਨ। ਅਮਰੀਕਾ ਹੁਣ ਚੀਨ ਨਾਲ ਪਰਮਾਣੂ ਸਮਰੱਥਾ ਦੇ ਮੁੱਦੇ ’ਤੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕੀ ਅਧਿਕਾਰੀ ਦੱਸਦੇ ਹਨ ਕਿ ਬਾਇਡਨ ਤੇ ਉਨ੍ਹਾਂ ਦੇ ਸਹਿਯੋਗੀ ਇਸ ਯੋਜਨਾ ’ਤੇ ਹੌਲੀ ਰਫ਼ਤਾਰ ਨਾਲ ਅਮਲ ਕਰਨਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਦੋਵਾਂ ਦੇਸ਼ਾਂ ਵਿਚਾਲੇ ਪਹਿਲੀ ਵਾਰਤਾ ਟਕਰਾਅ ਨਾ ਹੋਣ ਦੇਣ ਦੇ ਮੁੱਦੇ ’ਤੇ ਹੋਵੇ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਪਰਮਾਣੂ ਰਣਨੀਤੀ ਤੇ ਸਾਈਬਰਸਪੇਸ ’ਤੇ ਹਮਲੇ ਕਾਰਨ ਪੈਦਾ ਹੋਣ ਵਾਲੀ ਅਸਥਿਰਤਾ ’ਤੇ ਚਰਚਾ ਕੀਤੀ ਜਾਵੇ। ਅੰਤ ’ਚ ਕੁਝ ਸਾਲਾਂ ਬਾਅਦ ਦੋਵੇਂ ਦੇਸ਼ ਪਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ਦੇ ਮੁੱਦੇ ’ਤੇ ਗਲ ਕਰਨ। ਇਸ ਬਾਰੇ ਦੋਵਾਂ ਦੇਸ਼ਾਂ ’ਚ ਰਾਜਨੀਤਿਕ ਤੌਰ ’ਤੇ ਆਸਾਨ ਸੰਧੀ ਹੋ ਸਕਦੀ ਹੈ ਜਾਂ ਅਜਿਹਾ ਕੋਈ ਸਮਝੌਤਾ ਹੋ ਸਕਦਾ ਹੈ ਜਿਸ ਦੇ ਤਹਿਤ ਵਿਵਹਾਰ ਨਾਲ ਆਮ ਨਿਯਮ ਤੈਅ ਕੀਤੇ ਜਾਣ।

ਬਾਇਡਨ ਦੇ ਸਹਿਯੋਗੀ ਇਸ ਗੱਲ ਬਾਰੇ ਚਿੰਤਤ ਹਨ ਕਿ ਹਾਈਪਰਸੋਨਿਕ, ਪੁਲਾੜ ਤੇ ਸਾਈਬਰ ਹਥਿਆਰਾਂ ਦੀ ਦੌੜ ਕਾਰਨ ਹਾਲਾਤ ਤਣਾਅਪੂਰਨ ਹੁੰਦੇ ਜਾ ਰਹੇ ਹਨ। ਸ਼ਹਿ-ਮਾਤ ਦੀ ਖ਼ਤਰਨਾਕ ਖੇਡ ਸ਼ੁਰੂ ਹੋਣ ਦਾ ਵੀ ਖ਼ਦਸ਼ਾ ਹੈ। ਡਰ ਹੈ ਕਿ ਠੰਢੀ ਜੰਗ ਦੇ ਪਰਮਾਣੂ ਮੁਕਾਬਲੇ ’ਚ ਪੁਲਾੜ, ਉਪਗ੍ਰਹਿ ਤੇ ਕਮਾਂਡ ਐਂਡ ਕੰਟਰੋਲ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੇ ਹਮਲਿਆਂ ’ਚ ਤੇਜ਼ੀ ਆ ਸਕਦੀ ਹੈ। ਤਾਕਤਵਰ ਹੁੰਦਾ ਚੀਨ, ਅਮਰੀਕੀ ਰੱਖਿਆ ਪ੍ਰਣਾਲੀ ’ਚ ਪਰਮਾਣੂ ਹਥਿਆਰਾਂ ਦੀ ਮੌਜੂਦਗੀ ਨੂੰ ਘੱਟ ਕਰਨ ਦੀਆਂ ਬਾਇਡਨ ਦੀਆਂ ਉਮੀਦਾਂ ’ਤੇ ਪਾਣੀ ਫੇਰ ਸਕਦਾ ਹੈ। ਇਸੇ ਮਹੀਨੇ ਅਮਰੀਕੀ ਰੱਖਿਆ ਦਫਤਰ ਪੇਂਟਾਗਨ ਨੇ ਦੱਸਿਆ ਸੀ ਕਿ ਚੀਨ ਦੀ ਪਰਮਾਣੂ ਸਮਰੱਥਾ 2030 ਤਕ ਤਿੰਨ ਗੁਣਾ ਹੋ ਕੇ ਇਕ ਹਜ਼ਾਰ ਹਥਿਆਰਾਂ ਤਕ ਪਹੁੰਚ ਸਕਦੀ ਹੈ। ਅਮਰੀਕਾ ਦੀ ਚਿੰਤਾ ਹਥਿਆਰਾਂ ਦੀ ਗਿਣਤੀ ਨਾਲ ਜੁੜੀ ਨਹੀਂ ਹੈ ਬਲਕਿ ਗ਼ੈਰ-ਰਵਾਇਤੀ ਪਰਮਾਣੂ ਹਥਿਆਰਾਂ ਸਬੰਧੀ ਚੀਨ ਦੀ ਸੋਚ ਨਾਲ ਜੁੜੀ ਹੈ।

Posted By: Susheel Khanna