ਵਾਸ਼ਿੰਗਟਨ ,ਏਜੰਸੀਆਂ : ਇਰਾਕ 'ਚ ਅਮਰੀਕਾ ਦੇ ਫ਼ੌਜੀ ਟਿਕਾਣਿਆਂ 'ਤੇ ਰਾਕੇਟ ਹਮਲੇ ਪਿੱਛੋਂ ਹਾਲਾਤ ਗੰਭੀਰ ਹੋ ਗਏ ਹਨ। ਅਮਰੀਕਾ ਨੇ ਫ਼ੌਜੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਹ ਹਮਲੇ ਦਾ ਸਖ਼ਤੀ ਨਾਲ ਜਵਾਬ ਦੇਣ ਲਈ ਤਿਆਰ ਹੈ। ਇਸ ਘਟਨਾ ਦੀ ਅਜੇ ਤਕ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ। ਇਰਾਕ 'ਚ ਆਇਨ ਅਲ ਅਸਦ ਵਿਚ ਅਮਰੀਕਾ ਦੇ ਫ਼ੌਜੀ ਟਿਕਾਣਿਆਂ ਵਿਚ ਈਰਾਨ ਸਮਰਥਿਤ ਮਿਲੀਸ਼ੀਆ ਗਰੁੱਪ ਦਾ ਹੱਥ ਦੱਸਿਆ ਜਾ ਰਿਹਾ ਹੈ। ਹਮਲੇ ਪਿੱਛੋਂ ਖੇਤਰ ਵਿਚ ਤਣਾਅ ਵਧਣ ਦੇ ਨਾਲ ਹੀ ਈਰਾਨ ਨਾਲ 2015 ਦੇ ਪਰਮਾਣੂ ਸਮਝੌਤੇ 'ਤੇ ਅਮਰੀਕਾ ਦੇ ਵਾਪਸ ਪਰਤਣ ਵਿਚ ਵੀ ਅੜਚਨਾਂ ਆਉਣਗੀਆਂ।


ਹਮਲੇ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਸੀਂ ਇਸ 'ਤੇ ਨਜ਼ਰ ਰੱਖ ਰਹੇ ਹਾਂ। ਭਗਵਾਨ ਦਾ ਸ਼ੁਕਰ ਹੈ ਕਿ ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਇਕ ਠੇਕੇਦਾਰ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ। ਅਸੀਂ ਦੇਖ ਰਹੇ ਹਾਂ ਕਿ ਹਮਲੇ ਦੇ ਪਿੱਛੇ ਕੌਣ ਹੈ, ਜਾਂਚ ਪੂਰੀ ਹੋਣ ਪਿੱਛੋਂ ਅਸੀਂ ਇਸ ਬਾਰੇ ਫ਼ੈਸਲਾ ਲਵਾਂਗੇ।


ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਅਸੀਂ ਇਨ੍ਹਾਂ ਸਥਿਤੀਆਂ ਦਾ ਜਾਇਜ਼ਾ ਲੈ ਰਹੇ ਹਾਂ ਅਤੇ ਸਹੀ ਸਮੇਂ 'ਤੇ ਕਾਰਵਾਈ ਵੀ ਕਰਾਂਗੇ। ਪੈਂਟਾਗਨ ਨੇ ਕਿਹਾ ਹੈ ਕਿ ਰਾਕੇਟ ਦੇ ਇਹ ਹਮਲੇ ਫ਼ੌਜੀ ਟਿਕਾਣਿਆਂ 'ਤੇ ਅਲੱਗ-ਅਲੱਗ ਥਾਵਾਂ ਤੋਂ ਕੀਤੇ ਗਏ ਹਨ ਜਿਸ ਤਰ੍ਹਾਂ ਨਾਲ ਪਿਛਲੇ ਸਾਲ ਈਰਾਨ ਤੋਂ ਸਿੱਧੇ ਬੈਲਿਸਟਿਕ ਮਿਜ਼ਾਈਲ ਦੇ ਹਮਲੇ ਕੀਤੇ ਗਏ ਸਨ। ਅਜੇ ਨੁਕਸਾਨ ਦੇ ਬਾਰੇ ਵਿਚ ਵੀ ਤਸਵੀਰ ਪੂਰੀ ਤਰ੍ਹਾਂ ਨਾਲ ਸਾਫ਼ ਨਹੀਂ ਹੋਈ ਹੈ। ਦੱਸਣਯੋਗ ਹੈ ਕਿ 5 ਮਾਰਚ ਤੋਂ ਪੋਪ ਫਰਾਂਸਿਸ ਦੀ ਵੀ ਯਾਤਰਾ ਸ਼ੁਰੂ ਹੋਣ ਵਾਲੀ ਹੈ। ਅਜਿਹੀ ਸਥਿਤੀ ਵਿਚ ਇਰਾਕ ਵਿਚ ਹੁਣ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।

Posted By: Rajnish Kaur