ਹਰਵਿੰਦਰ ਰਿਆੜ, ਨਿਊਯਾਰਕ : ਭਾਰਤ ਸਰਕਾਰ ਵੱਲੋਂ ਨਵ-ਨਿਯੁਕਤ ਕੀਤੇ ਰਾਜਦੂਤ ਹਰਸ਼ ਵਰਧਨ ਸ਼ਰਿੰਗਲਾ ਨੇ ਅੱਜ ਏਅਰਪੋਰਟ ਪਹੁੰਚਣ ਉਪਰੰਤ ਸਿੱਧੇ ਵਾਸ਼ਿੰਗਟਨ ਡੀਸੀ ਸਥਿਤ ਦਫ਼ਤਰ ਜਾ ਕੇ ਅਹੁਦਾ ਸੰਭਾਲ ਲਿਆ। ਉਪਰੰਤ ਸਟਾਫ ਨਾਲ ਮੀਟਿੰਗ ਕੀਤੀ। ਉਨ੍ਹਾਂ ਆਪਣੇ ਤਜਰਬੇ ਨੂੰ ਸਾਂਝਾ ਕਰਦਿਆਂ ਸਟਾਫ ਨੂੰ ਕਿਹਾ ਕਿ ਉਹ ਹਰ ਕੰਮ ਨੂੰ ਸਮੇਂ ਸਿਰ ਪੂਰਾ ਕਰਨ,ਪਬਲਿਕ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣ ਤਾਂ ਜੋ ਵਿਦੇਸ਼ਾਂ 'ਚ ਬੈਠੇ ਪ੍ਰਵਾਸੀਆਂ ਨੂੰ ਕੋਈ ਮੁਸ਼ਕਲ ਨਾ ਆਵੇ। ਜਿੱਥੇ ਸਾਰਾ ਦਿਨ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ ਉੱਥੇ ਉਹ ਸ਼ਾਮ ਨੂੰ ਆਪਣੀ ਨਿਯੁਕਤੀ ਦੀ ਜਾਣਕਾਰੀ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਪਹੁੰਚੇ ਜਿੱਥੇ ਉਨ੍ਹਾਂ ਭਾਰਤ-ਅਮਰੀਕਾ ਦੇ ਸਬੰਧਾਂ ਨੂੰ ਹੁਲਾਰਾ ਦੇਣ ਅਤੇ ਬਿਹਤਰ ਤਰੀਕੇ ਨਾਲ ਕਾਰਗੁਜ਼ਾਰੀ ਦਾ ਭਰੋਸਾ ਦਿਵਾਇਆ। ਹਰਸ਼ ਵਰਧਨ ਸ਼ਰਿੰਗਲਾ ਬੰਗਲਾਦੇਸ਼ ਤੋਂ ਸੇਵਾ ਨਿਭਾਅ ਕੇ ਆਏ ਹਨ ਜਿਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਹੀ ਵਧੀਆ ਹੈ। ਉਹ ਸਖ਼ਤ ਮਿਜ਼ਾਜ ਅਤੇ ਕਾਨੂੰਨ ਦੇ ਪਾਬੰਦ ਰਹਿ ਕੇ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ।