ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ ਦੇ ਉੱਤਰੀ ਹਿੱਸੇ 'ਚ ਪਿਛਲੇ ਕੁਝ ਮਹੀਨਿਆਂ ਵਿਚ ਲੁਪਤ ਪੋਲੀਓ ਵਾਇਰਸ ਟਾਈਪ-2 ਦੇ ਸੱਤ ਮਾਮਲੇ ਸਾਹਮਣੇ ਆਏ ਹਨ। ਪਾਕਿਸਤਾਨ 'ਚ ਪੋਲੀਓ ਇਨਫੈਕਸ਼ਨ ਦੇ ਇਹ ਮਾਮਲੇ ਹੈਰਾਨ ਕਰਨ ਵਾਲੇ ਹਨ ਕਿਉਂਕਿ ਪੋਲੀਓ ਦੇ ਖ਼ਾਤਮੇ ਕਾਰਨ ਮੁਲਕ ਵਿਚ ਇਸ ਦਾ ਟੀਕਾਕਰਨ 2014 ਵਿਚ ਬੰਦ ਕਰ ਦਿੱਤਾ ਗਿਆ ਸੀ। ਪਾਕਿਸਤਾਨ ਵਿਚ ਹਾਲਾਂਕਿ ਟਾਈਪ-1 ਅਤੇ ਟਾਈਪ-3 ਪੋਲੀਓ ਟੀਕੇ ਹੁਣ ਵੀ ਦਿੱਤੇ ਜਾ ਰਹੇ ਹਨ। ਦੁਨੀਆ ਵਿਚ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੋ ਹੀ ਅਜਿਹੇ ਦੇਸ਼ ਬਚੇ ਹਨ ਜਿੱਥੇ ਪੋਲੀਓ ਦਾ ਕਹਿਰ ਹੁਣ ਵੀ ਜਾਰੀ ਹੈ।

ਇਸ ਸਾਲ ਪਾਕਿਸਤਾਨ ਵਿਚ ਪੋਲੀਓ ਦੇ 72 ਮਾਮਲੇ ਸਾਹਮਣੇ ਆ ਚੁੱਕੇ ਹਨ। ਅਮਰੀਕਾ ਦੇ ਅਟਲਾਂਟਾ ਸਥਿਤ ਰੋਗ ਕੰਟਰੋਲ ਅਤੇ ਨਿਵਾਰਨ ਕੇਂਦਰ (ਸੀਡੀਸੀ) ਦੀ ਲੈਬ ਨੇ ਟਾਈਪ-2 ਇਨਫੈਕਸ਼ਨ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਿਹਤ ਸਲਾਹਕਾਰ ਜ਼ਫਰ ਮਿਰਜ਼ਾ ਨੇ ਇਸ ਵਾਇਰਸ ਦੇ ਇਨਫੈਕਸ਼ਨ ਲਈ ਮਨੁੱਖੀ ਭੁੱਲ ਨੂੰ ਮੁੱਖ ਵਜ੍ਹਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਚੇ ਟੀਕਿਆਂ ਨਾਲ ਪੋਲੀਓ ਦੇ ਵਾਇਰਸ ਵਾਤਾਵਰਨ ਦੇ ਸੰਪਰਕ ਵਿਚ ਆ ਗਏ ਹੋਣਗੇ। ਅਜਿਹਾ ਮਨੁੱਖੀ ਭੁੱਲ ਨਾਲ ਹੋਇਆ ਹੋਵੇਗਾ। ਮਿਰਜ਼ਾ ਨੇ ਕਿਹਾ ਕਿ ਹਾਲ ਵਿਚ ਅਜਿਹੇ ਮਾਮਲੇ ਪਾਕਿਸਤਾਨ ਤੋਂ ਇਲਾਵਾ ਹੋਰਨਾਂ ਦੇਸ਼ਾਂ ਵਿਚ ਵੀ ਸਾਹਮਣੇ ਆਏ ਹਨ।