ਵਾਸ਼ਿੰਗਟਨ (ਪੀਟੀਆਈ) : ਭਾਰਤੀ ਪ੍ਰਵਾਸੀਆਂ ਦੇ ਇਕ ਉੱਚ ਕੋਟੀ ਦੇ ਥਿੰਕ ਟੈਂਕ ਨੇ ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਤੋਂ ਗ੍ਰੀਨ ਕਾਰਡ ਦੀ ਹੱਦ ਖ਼ਤਮ ਕਰਨ ਦੀ ਮੰਗ ਕੀਤੀ ਹੈ। ਥਿੰਕ ਟੈਂਕ ਨੇ ਕਿਹਾ ਗ੍ਰੀਨ ਕਾਰਡ ਦੀ ਹੱਦ ਤੈਅ ਕੀਤੇ ਜਾਣ ਨਾਲ ਪ੍ਰਤਿਭਾਸ਼ਾਲੀ ਲੋਕ ਅਮਰੀਕਾ ਤੋਂ ਬਾਹਰ ਜਾ ਰਹੇ ਹਨ। ਅਮਰੀਕੀ ਯੂਨੀਵਰਸਿਟੀਆਂ 'ਤੇ ਵੀ ਇਸ ਦਾ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ।

ਥਿੰਕ ਟੈਂਕ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ (ਐੱਫਆਈਆਈਡੀਐੱਸ) ਨੇ ਅਮਰੀਕੀ ਐੱਮਪੀਜ਼ ਨੂੰ ਸੌਂਪੇ ਪੱਤਰ ਵਿਚ ਕਿਹਾ ਕਿ ਸਥਾਈ ਨਿਵਾਸ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਵਿਚ ਅਤਿ-ਅਧਿਕ ਦੇਰੀ ਹੋਣ ਨਾਲ ਅਮਰੀਕਾ ਨੂੰ ਮਾਲੀਏ, ਬਾਜ਼ਾਰ ਵਿਚ ਅੱਗੇ ਰਹਿਣ ਅਤੇ ਮੁਕਾਬਲੇ ਦੇ ਨਜ਼ਰੀਏ ਤੋਂ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਐੱਫਆਈਆਈਡੀਐੱਸ ਨੇ ਗ੍ਰੀਨ ਕਾਰਡ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ਦੇ ਕੋਟੇ ਨੂੰ ਵੀ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਵਿਚ ਵਰਕ ਵੀਜ਼ਾ 'ਤੇ ਭਾਰਤੀਆਂ ਸਣੇ ਵੱਡੀ ਗਿਣਤੀ ਵਿਚ ਦੂਜੇ ਦੇਸ਼ਾਂ ਦੇ ਉੱਚ ਸਿੱਖਿਅਤ ਪੇਸ਼ਵਰ ਕੰਮ ਕਰਦੇ ਹਨ। ਅਮਰੀਕਾ ਵਿਚ ਸਥਾਈ ਰੂਪ ਨਾਲ ਵੱਸਣ ਲਈ ਉਹ ਗ੍ਰੀਨ ਕਾਰਡ ਲਈ ਅਰਜ਼ੀ ਦਿੰਦੇ ਹਨ ਪ੍ਰੰਤੂ ਹਰ ਸਾਲ ਸੀਮਤ ਗਿਣਤੀ ਵਿਚ ਇਹ ਕਾਰਡ ਜਾਰੀ ਕੀਤਾ ਜਾਂਦਾ ਹੈ। ਇਸ ਲਈ ਲੋਕਾਂ ਨੂੰ ਸਾਲਾਂ ਤਕ ਇੰਤਜ਼ਾਰ ਕਰਨਾ ਪੈਂਦਾ ਹੈ। ਅਮਰੀਕਾ ਵਿਚ ਕਰੀਬ ਛੇ ਲੱਖ ਭਾਰਤੀ ਕਈ ਸਾਲ ਤੋਂ ਇਸ ਕਾਰਡ ਦਾ ਇੰਤਜ਼ਾਰ ਕਰ ਰਹੇ ਹਨ।