ਨਿਊਯਾਰਕ ਟਾਈਮਜ਼, ਵਾਸ਼ਿੰਗਟਨ : ਅਮਰੀਕਾ ਦੇ ਅਹਿਮ ਭਾਈਵਾਲ ਸਾਊਦੀ ਅਰਬ ਦੀ ਤੇਲ ਕੰਪਨੀ ਅਰੈਮਕੋ ਦੇ ਦੋ ਪਲਾਂਟਾਂ 'ਤੇ ਬੀਤੇ ਸ਼ਨਿਚਰਵਾਰ ਨੂੰ ਹੋਏ ਡਰੋਨ ਹਮਲੇ ਤੋਂ ਬਾਅਦ ਈਰਾਨ 'ਤੇ ਮੁੜ ਫ਼ੌਜੀ ਕਾਰਵਾਈ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, 'ਅਸੀਂ ਜਾਣਦੇ ਹਾਂ ਕਿ ਅਪਰਾਧੀ ਕੌਣ ਹੈ? ਪਰ ਇਸ ਦੀ ਪੁਸ਼ਟੀ ਹੋਣ ਦੀ ਉਡੀਕ ਕਰ ਰਹੇ ਹਾਂ।' ਇਸਦੇ ਨਾਲ ਹੀ ਉਨ੍ਹਾਂ ਸੰਕੇਤ ਦਿੱਤਾ ਕਿ ਉਹ ਫ਼ੌਜੀ ਕਾਰਵਾਈ ਲਈ ਤਿਆਰ ਹਨ। ਈਰਾਨ ਹਮਾਇਤੀ ਹਾਊਤੀ ਬਾਗ਼ੀਆਂ ਨੇ ਸਾਊਦੀ ਤੇਲ ਪਲਾਂਟਾਂ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪਰ ਸਾਊਦੀ ਅਰਬ ਤੇ ਅਮਰੀਕਾ ਨੇ ਇਸ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਈਰਾਨ ਨੇ ਹਾਲਾਂਕਿ ਇਸ ਤੋਂ ਇਨਕਾਰ ਕੀਤਾ ਹੈ।

ਟਰੰਪ ਪ੍ਰਸ਼ਾਸਨ ਨੇ ਹਮਲੇ ਪਿੱਛੇ ਈਰਾਨ ਦਾ ਹੱਥ ਹੋਣ ਦੀ ਹਮਾਇਤ 'ਚ ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਜਾਰੀ ਕੀਤੀਆਂ ਹਨ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਸਵੀਰਾਂ ਤੋਂ ਜਾਹਿਰ ਹੁੰਦਾ ਹੈ ਕਿ ਸਾਊਦੀ ਤੇਲ ਪਲਾਂਟਾਂ 'ਤੇ ਉੱਤਰ ਪੱਛਮ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਤੋਂ ਇਹ ਪਤਾ ਲਗਦਾ ਹੈ ਕਿ ਹਮਲਾ ਯਮਨ ਵੱਲੋਂ ਨਹੀਂ ਬਲਕਿ ਫਾਰਸ ਦੀ ਖਾੜੀ, ਇਰਾਕ ਜਾਂ ਈਰਾਨ ਵੱਲੋਂ ਕੀਤਾ ਗਿਆ ਸੀ। ਹਾਊਤੀ ਬਾਗ਼ੀਆਂ ਦਾ ਰਾਜਧਾਨੀ ਸਨਾ ਸਮੇਤ ਯਮਨ ਦੇ ਜ਼ਿਆਦਾਤਰ ਹਿੱਸਿਆਂ 'ਤੇ ਕਬਜ਼ਾ ਹੈ। ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ਹਮਲੇ 'ਚ ਕਈ ਡਰੋਨ ਤੇ ਕਰੂਜ਼ ਮਿਜ਼ਾਈਲਾਂ ਇਸਤੇਮਾਲ ਕੀਤੇ ਜਾਣ ਦਾ ਸ਼ੱਕ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਸ ਤਰ੍ਹਾਂ ਦੀ ਉੱਨਤ ਸਮਰੱਥਾ ਇਕੱਲੇ ਹਾਊਤੀ ਬਾਗ਼ੀਆਂ ਦੀ ਨਹੀਂ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀ ਕਿਹਾ ਸੀ ਕਿ ਤੇਲ ਪਲਾਂਟਾਂ 'ਤੇ ਹਮਲੇ ਲਈ ਈਰਾਨ ਜ਼ਿੰਮੇਵਾਰ ਹੈ। ਇਸ ਦਾ ਕੋਈ ਸਬੂਤ ਨਹੀਂ ਹੈ ਕਿ ਹਮਲਾ ਯਮਨ ਵੱਲੋਂ ਕੀਤਾ ਗਿਆ ਸੀ।

ਟਰੰਪ ਨੇ ਕਿਹਾ, ਸਾਊਦੀ ਅਰਬ ਦੇ ਬਿਆਨ ਦੀ ਉਡੀਕ

ਟਰੰਪ ਨੇ ਆਪਣੇ ਬਿਆਨ 'ਚ ਈਰਾਨ ਦਾ ਨਾਂ ਨਹੀਂ ਲਿਆ। ਉਨ੍ਹਾਂ ਕਿਹਾ ਕਿ ਪਹਿਲਾਂ ਸਾਊਦੀ ਅਰਬ ਨਾਲ ਵਿਚਾਰ ਵਟਾਂਦਰੇ ਦੀ ਲੋੜ ਹੈ। ਅਮਰੀਕੀ ਰਾਸ਼ਟਰਪਤੀ ਨੇ ਐਤਵਾਰ ਸ਼ਾਮ ਇਕ ਟਵੀਟ 'ਚ ਕਿਹਾ, 'ਸਾਊਦੀ ਅਰਬ ਦੀ ਤੇਲ ਸਪਲਾਈ 'ਤੇ ਹਮਲਾ ਕੀਤਾ ਗਿਆ। ਅਸੀਂ ਜਾਣਦੇ ਹਾਂ ਕਿ ਅਪਰਾਧੀ ਕੌਣ ਹੈ? ਪਰ ਅਸੀਂ ਸਾਊਦੀ ਅਰਬ ਵੱਲੋਂ ਇਹ ਸੁਣਨ ਦੀ ਉਡੀਕ ਕਰ ਰਹੇ ਹਾਂ ਕਿ ਉਹ ਹਮਲੇ ਲਈ ਕਿਸ ਨੂੰ ਜ਼ਿੰਮੇਵਾਰ ਮੰਨਦੇ ਹਨ? ਸਾਨੂੰ ਕਈ ਸ਼ਰਤਾਂ ਨਾਲ ਅੱਗੇ ਵਧਣਾ ਪਵੇਗਾ।'

ਦਾਗੇ ਗਏ ਸਨ 17 ਹਥਿਆਰ

ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਸਾਊਦੀ ਤੇਲ ਪਲਾਂਟਾਂ ਵੱਲ 17 ਤੋਂ ਵੱਧ ਹਥਿਆਰ ਦਾਗੇ ਗਏ ਸਨ, ਪਰ ਇਨ੍ਹਾਂ 'ਚੋਂ ਕਈ ਆਪਣੇ ਟੀਚੇ ਤਕ ਨਹੀਂ ਪਹੁੰਚੇ ਸਨ।

ਉਦੋਂ ਹਮਲੇ ਤੋਂ ਪਿੱਛੇ ਹਟ ਗਏ ਸਨ ਟਰੰਪ

ਈਰਾਨ ਨਾਲ 2015 'ਚ ਹੋਏ ਪਰਮਾਣੂ ਸਮਝੌਤੇ ਤੋਂ ਪਿਛਲੇ ਸਾਲ ਮਈ 'ਚ ਅਮਰੀਕਾ ਦੇ ਹਟਣ ਮਗਰੋਂ ਤੋਂ ਹੀ ਦੋਵਾਂ ਦੇਸ਼ਾਂ 'ਚ ਤਣਾਅ ਚੱਲ ਰਿਹਾ ਹੈ। ਈਰਾਨ ਨੇ ਬੀਤੀ ਜੂਨ 'ਚ ਅਮਰੀਕਾ ਦੇ ਇਕ ਡਰੋਨ ਨੂੰ ਸੁੱਟ ਲਿਆ ਸੀ। ਇਸ ਤੋਂ ਬਾਅਦ ਟਰੰਪ ਨੇ ਈਰਾਨ 'ਤੇ ਹਮਲੇ ਦਾ ਹੁਕਮ ਦੇ ਦਿੱਤਾ ਸੀ, ਪਰ ਹਮਲੇ ਤੋਂ ਸਿਰਫ਼ 10 ਮਿੰਟ ਪਹਿਲਾਂ ਉਹ ਇਸ ਤੋਂ ਪਿੱਛੇ ਹਟ ਗਏ ਸਨ।

ਪੱਛਮੀ ਏਸ਼ੀਆ 'ਚ ਤਾਇਨਾਤ ਹਨ ਜਹਾਜ਼ ਵਾਹਕ ਬੇੜੇ

ਈਰਾਨ ਤੋਂ ਖ਼ਤਰੇ ਦੇ ਮੱਦੇਨਜ਼ਰ ਬੀਤੀ ਮਈ ਤੋਂ ਹੀ ਪੱਛਮੀ ਏਸ਼ੀਆ 'ਚ ਕਈ ਅਮਰੀਕੀ ਜੰਗੀ ਬੇੜੇ ਤੇ ਇਕ ਜਹਾਜ਼ ਵਾਹਕ ਜੰਗੀ ਬੇੜਾ ਤਾਇਨਾਤ ਹਨ। ਅਮਰੀਕਾ ਨੇ ਖੇਤਰ 'ਚ ਆਪਣੇ ਬੰਬਾਰ ਜਹਾਜ਼ ਵੀ ਤਾਇਨਾਤ ਕੀਤੇ ਹੋਏ ਹਨ।