ਵਾਸ਼ਿੰਗਟਨ (ਏਪੀ) : ਅਮਰੀਕੀ ਜਲ ਸੈਨਾ ਟਿਕਾਣੇ 'ਤੇ ਗੋਲ਼ੀਬਾਰੀ ਤੋਂ ਪਹਿਲੇ ਮੁਹੰਮਦ ਅਲ ਸ਼ਮਰਾਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਅਮਰੀਕਾ ਨੂੰ ਮੁਸਲਿਮ ਵਿਰੋਧੀ ਦੱਸਿਆ ਸੀ। ਅਮਰੀਕਾ ਵਿਚ ਫ਼ੌਜੀ ਟ੍ਰੇਨਿੰਗ ਲਈ ਆਏ ਸਾਊਦੀ ਅਰਬ ਦੀ ਹਵਾਈ ਫ਼ੌਜ ਦੇ ਸੈਕੰਡ ਲੈਫਟੀਨੈਂਟ ਸ਼ਮਰਾਨੀ ਨੇ ਅਮਰੀਕਾ ਪ੍ਰਤੀ ਨਫ਼ਰਤ ਪਾਲ ਰੱਖੀ ਸੀ। ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫਬੀਆਈ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ 21 ਸਾਲ ਦਾ ਸ਼ਮਰਾਨੀ ਅਮਰੀਕਾ ਨੂੰ ਮੁਸਲਮਾਨਾਂ ਖ਼ਿਲਾਫ਼ ਸਮਝਦਾ ਸੀ, ਇਸ ਲਈ ਉਹ ਬਦਲਾ ਲੈਣ ਦੀ ਤਾਕ ਵਿਚ ਸੀ।

ਇਸ ਮਾਮਲੇ ਦੀ ਜਾਂਚ ਅੱਤਵਾਦ ਦੇ ਨਜ਼ਰੀਏ ਤੋਂ ਵੀ ਕੀਤੀ ਜਾ ਰਹੀ ਹੈ। ਐੱਫਬੀਆਈ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਗੋਲ਼ੀਬਾਰੀ ਨੂੰ ਅੰਜਾਮ ਦੇਣ ਵਿਚ ਸ਼ਮਰਾਨੀ ਨੂੰ ਕਿਸੇ ਹੋਰ ਨੇ ਮਦਦ ਤਾਂ ਨਹੀਂ ਕੀਤੀ ਸੀ। ਹੁਣ ਤਕ ਦੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਹਮਲੇ ਤੋਂ ਕੁਝ ਦਿਨ ਪਹਿਲੇ ਸ਼ਮਰਾਨੀ ਨੇ ਆਪਣੇ ਕੁਝ ਦੋਸਤਾਂ ਨਾਲ ਕਤਲੇਆਮ ਦਾ ਵੀਡੀਓ ਦੇਖਿਆ ਸੀ ਅਤੇ ਡਿਨਰ ਪਾਰਟੀ ਕੀਤੀ ਸੀ। ਫਲੋਰੀਡਾ ਦੇ ਗਵਰਨਰ ਰਾਨ ਡੀਸੈਟਿੰਸ ਨੇ ਇਸ ਹਮਲੇ ਨੂੰ ਅੱਤਵਾਦੀ ਕਾਰਵਾਈ ਮੰਨਦੇ ਹੋਏ ਦੂਜੇ ਦੇਸ਼ਾਂ ਤੋਂ ਟ੍ਰੇਨਿੰਗ ਲੈਣ ਲਈ ਅਮਰੀਕਾ ਆਏ ਫ਼ੌਜੀਆਂ ਦੀ ਜਾਂਚ ਦੀ ਮੰਗ ਕੀਤੀ ਹੈ। ਫਲੋਰੀਡਾ ਦੇ ਪੈਂਸਾਕੋਲਾ ਜਲ ਸੈਨਾ ਅੱਡੇ 'ਤੇ ਬੀਤੇ ਸ਼ੁੱਕਰਵਾਰ ਨੂੰ ਸ਼ਮਰਾਨੀ ਨੇ ਗੋਲ਼ੀਬਾਰੀ ਕਰ ਕੇ ਤਿੰਨ ਲੋਕਾਂ ਦੀ ਜਾਨ ਲੈ ਲਈ ਸੀ। ਸ਼ਮਰਾਨੀ ਨੂੰ ਵੀ ਮੌਕੇ 'ਤੇ ਹੀ ਮਾਰ ਦਿੱਤਾ ਗਿਆ ਸੀ।