ਵਾਸ਼ਿੰਗਟਨ (ਏਜੰਸੀਆਂ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਭਾਰਤ, ਚੀਨ ਅਤੇ ਰੂਸ ਨੂੰ ਕੋਸਿਆ ਅਤੇ ਦੋਸ਼ ਲਗਾਇਆ ਕਿ ਇਨ੍ਹਾਂ ਦੇਸ਼ਾਂ ਵਿਚ ਹਵਾ ਦੀ ਗੁਣਵਤਾ ਬਹੁਤ ਖ਼ਰਾਬ ਹੈ। ਇਨ੍ਹਾਂ ਨੂੰ ਇਸ ਦੀ ਚਿੰਤਾ ਨਹੀਂ ਹੈ। ਟਰੰਪ ਨੇ ਪੈਰਿਸ ਪੌਣਪਾਣੀ ਸਮਝੌਤੇ ਨੂੰ ਅਨਿਆਂਪੂਰਣ ਕਰਾਰ ਦਿੱਤਾ ਅਤੇ ਇਸ ਤੋਂ ਅਮਰੀਕਾ ਦੇ ਹਟਣ ਦਾ ਬਚਾਅ ਕੀਤਾ।

ਬਿਡੇਨ ਨਾਲ ਪ੍ਰਰੈਜ਼ੀਡੈਂਸ਼ੀਅਲ ਡਿਬੇਟ ਦੌਰਾਨ ਟਰੰਪ ਨੇ ਕਿਹਾ ਕਿ ਚੀਨ ਨੂੰ ਦੇਖੋ, ਉੱਥੋਂ ਦੀ ਹਵਾ ਕਿੰਨੀ ਦੂਸ਼ਿਤ ਹੈ। ਰੂਸ ਅਤੇ ਭਾਰਤ ਨੂੰ ਵੀ ਦੇਖੋ, ਉੱਥੋਂ ਦੀ ਹਵਾ ਵੀ ਕਿੰਨੀ ਪ੍ਰਦੂਸ਼ਿਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੌਣਪਾਣੀ ਪਰਿਵਰਤਨ ਨੂੰ ਲੈ ਕੇ ਲੜਾਈ ਵਿਚ ਭਾਰਤ, ਰੂਸ ਅਤੇ ਚੀਨ ਦਾ ਰਿਕਾਰਡ ਚੰਗਾ ਨਹੀਂ ਰਿਹਾ ਹੈ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਵਿਚ ਕਾਰਬਨ ਦੀ ਸਭ ਤੋਂ ਘੱਟ ਨਿਕਾਸੀ ਹੈ। ਟਰੰਪ ਨੇ ਕਿਹਾ ਕਿ ਸਾਡੇ ਕੋਲ ਕਾਰਬਨ ਨਿਕਾਸੀ ਦੇ ਸਭ ਤੋਂ ਚੰਗੇ ਨੰਬਰ ਹਨ ਜੋ ਅਸੀਂ 35 ਸਾਲਾਂ ਵਿਚ ਪ੍ਰਾਪਤ ਕੀਤੇ ਹਨ। ਅਸੀਂ ਉਦਯੋਗਾਂ ਦੇ ਨਾਲ ਬਹੁਤ ਚੰਗੀ ਤਰ੍ਹਾਂ ਕੰਮ ਕਰ ਰਹੇ ਹਾਂ। ਅਮਰੀਕੀ ਰਾਸ਼ਟਰਪਤੀ ਪੌਣਪਾਣੀ ਪਰਿਵਰਤਨ ਦੇ ਮੁੱਦੇ 'ਤੇ ਭਾਰਤ, ਚੀਨ ਅਤੇ ਰੂਸ 'ਤੇ ਪਹਿਲੇ ਵੀ ਦੋਸ਼ ਲਗਾ ਚੁੱਕੇ ਹਨ। ਉਨ੍ਹਾਂ ਨੇ ਪੈਰਿਸ ਪੌਣਪਾਣੀ ਸਮਝੌਤੇ ਤੋਂ ਹਟਣ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਸਮਝੌਤੇ ਤੋਂ ਹਟਣ ਦਾ ਕਾਰਨ ਇਹ ਹੈ ਕਿ ਸਾਡੇ ਨਾਲ ਗ਼ਲਤ ਵਿਹਾਰ ਕੀਤਾ ਗਿਆ।

ਇਹ ਸਮਝੌਤਾ ਅਮਰੀਕੀਆਂ ਲਈ ਨੁਕਸਾਨਦੇਹ ਸੀ। ਪੈਰਿਸ ਸਮਝੌਤਾ 2015 ਵਿਚ ਕੀਤਾ ਗਿਆ ਸੀ। ਇਸ ਵਿਚ ਵਿਸ਼ਵ ਤਾਪਮਾਨ ਵਾਧੇ ਨੂੰ ਦੋ ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦੀ ਗੱਲ ਹੈ। ਟਰੰਪ ਨੇ 2017 ਵਿਚ ਇਸ ਸਮਝੌਤੇ ਤੋਂ ਅਮਰੀਕਾ ਦੇ ਹਟਣ ਦਾ ਐਲਾਨ ਕੀਤਾ ਸੀ।

ਬਿਡੇਨ ਵੱਲੋਂ ਪੈਰਿਸ ਸਮਝੌਤੇ ਨਾਲ ਜੁੜਨ ਦਾ ਵਾਅਦਾ

ਟਰੰਪ ਦੇ ਇਸ ਜਵਾਬ 'ਤੇ ਬਿਡੇਨ ਨੇ ਕਿਹਾ ਕਿ ਜੇਕਰ ਉਹ ਸੱਤਾ ਵਿਚ ਆਉਂਦੇ ਹਨ ਤਾਂ ਇਤਿਹਾਸਕ ਪੈਰਿਸ ਪੌਣਪਾਣੀ ਸਮਝੌਤੇ ਨਾਲ ਉਨ੍ਹਾਂ ਦਾ ਦੇਸ਼ ਦੁਬਾਰਾ ਜੁੜ ਜਾਵੇਗਾ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਪ੍ਰਦੂਸ਼ਣ ਲਈ ਚੀਨ ਵਰਗੇ ਦੇਸ਼ਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।