ਹਰਵਿੰਦਰ ਰਿਆੜ, ਨਿਊਯਾਰਕ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦੇਸ਼-ਵਿਦੇਸ਼ 'ਚ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਮੁੱਖ ਰੱਖਦਿਆਂ ਨਿਊਯਾਰਕ ਪੰਜਾਬੀ ਪ੍ਰੈੱਸ ਕਲੱਬ ਵੱਲੋਂ ਟਰੱਸਟ ਦੇ ਸੰਸਥਾਪਕ ਐੱਸ ਪੀ ਸਿੰਘ ਉਬਰਾਏ ਦਾ ਸਨਮਾਨ ਨਿਊਯਾਰਕ ਵਿਚ ਮੀਡੀਆ ਭਾਈਚਾਰੇ ਵੱਲੋਂ ਇਕ ਵਿਸ਼ੇਸ਼ ਇਕੱਠ ਦੌਰਾਨ ਕੀਤਾ ਗਿਆ। ਉਬਰਾਏ ਦੇ ਸਨਮਾਨ ਮੌਕੇ ਮੰਚ ਦੀ ਕਾਰਵਾਈ ਗਿੱਲ ਪ੍ਰਦੀਪ ਨੇ ਸੰਭਾਲੀ। ਮੁਨੀਸ਼ ਬਿਆਲਾ ਵੱਲੋਂ ਉਬਰਾਏ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨਿਊਯਾਰਕ ਪੰਜਾਬੀ ਪ੍ਰੈੱਸ ਕਲੱਬ ਦੀ ਸਥਾਪਨਾ ਅਤੇ ਕੀਤੇ ਜਾ ਰਹੇ ਕਾਰਜਾਂ ਪ੍ਰਤੀ ਜਾਣਕਾਰੀ ਦਿੱਤੀ ਗਈ। ਬਲਵੰਤ ਸਿੰਘ ਹੋਠੀ ਵੱਲੋਂ ਖ਼ਾਸ ਤੌਰ 'ਤੇ ਉਬਰਾਏ ਨੂੰ ਸਨਮਾਨਿਤ ਕਰਨ ਲਈ ਮਤਾ ਪਾਇਆ ਗਿਆ ਸੀ ਨੇ ਉਬਰਾਏ ਦੇ ਜੀਵਨ ਬਾਰੇ ਦੱਸਿਆ। ਉਬਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਨਿਊਯਾਰਕ ਪੰਜਾਬੀ ਪ੍ਰੈੱਸ ਕਲੱਬ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋੜਵੰਦਾਂ ਲਈ ਟਰੱਸਟ ਦੀਆਂ ਲੋਕਲ ਪੱਧਰ ਦੀਆਂ ਕਮੇਟੀਆਂ ਵੱਲੋਂ ਹਮੇਸ਼ਾਂ ਸਿੱਧਾ ਸੰਪਰਕ ਰੱਖਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ। ਅਖੀਰ 'ਚ ਕਲੱਬ ਦੀ ਕਾਰਜਕਾਰੀ ਕਮੇਟੀ ਅਤੇ ਸਮੂਹ ਮੈਂਬਰਾਂ ਨਾਲ ਉਬਰਾਏ ਨੂੰ ਇਕ ਯਾਦਗਾਰੀ ਸਨਮਾਨ ਚਿੰਨ੍ਹ ਅਤੇ ਪੰਜਾਬੀ ਸੱਭਿਆਚਾਰ ਮੁਤਾਬਿਕ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਲਵਿੰਦਰ ਬਾਜਵਾ, ਗੁਰਮੀਤ ਸਿੰਘ, ਹਰਕੀਰਤ ਸਿੰਘ ਆਹਲੂਵਾਲੀਆ, ਸਰਨਜੀਤ ਸਿੰਘ ਥਿੰਦ, ਜੈ ਸਿੰਘ, ਤਜਿੰਦਰ ਸਿੰਘ, ਬਲਦੇਵ ਸਿੰਘ ਗਰੇਵਾਲ, ਟੀਟੂ ਬਾਦਲੀਆ, ਦੀਪ ਦੀਪਕਾ ਸਿੰਘ ਅਤੇ ਨੀਸਾ ਕੁਮਾਰੀ ਹਾਜ਼ਰ ਸਨ।