ਵਾਸ਼ਿੰਗਟਨ (ਪੀਟੀਆਈ) : ਭਾਰਤੀ ਮੂਲ ਦੀ ਅਮਰੀਕੀ ਅੌਰਤ ਪਿਯਾ ਡਾਂਡੀਆ ਸਮੇਤ 14 ਲੋਕਾਂ ਨੂੰ ਸਾਲ 2020-21 ਲਈ ਵ੍ਹਾਈਟ ਹਾਊਸ ਫੈਲੋ ਚੁਣਿਆ ਗਿਆ ਹੈ। ਪਿਯਾ ਨਿਊਯਾਰਕ ਦੇ ਹਾਰਲੇਮ ਵਿਚ ਸਥਿਤ ਡੈਮੋਕ੍ਰੇਸੀ ਪੈ੍ਰੇਪ ਇੰਡਿਓਰੈਂਸ ਹਾਈ ਸਕੂਲ ਦੀ ਸੰਸਥਾਪਕ ਪਿ੍ਰੰਸੀਪਲ ਹਨ। ਸਾਲ 1964 ਵਿਚ ਰਾਸ਼ਟਰਪਤੀ ਲਿੰਡਨ ਬੀ ਜੋਹਨਸਨ ਨੇ ਵ੍ਹਾਈਟ ਹਾਊਸ ਫੈਲੋ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਉਦੇਸ਼ ਫੈਲੋ ਲਈ ਚੁਣੇ ਵਿਅਕਤੀਆਂ ਨੂੰ ਸੰਘੀ ਸਰਕਾਰ ਦੇ ਕੰਮਕਾਜ ਨਾਲ ਰੂਬਰੂ ਕਰਾਉਣ ਦੇ ਨਾਲ ਹੀ ਰਾਸ਼ਟਰੀ ਮਾਮਲਿਆਂ ਵਿਚ ਉਨ੍ਹਾਂ ਦੀ ਭਾਈਵਾਲੀ ਨੂੰ ਵਧਾਉਣਾ ਹੈ।

ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਪਿਯਾ ਡਾਂਡੀਆ ਨੂੰ ਫਿਲਹਾਲ ਸਿੱਖਿਆ ਵਿਭਾਗ ਦੇ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੇ ਸਕੂਲ ਦਾ ਹਰੇਕ ਗ੍ਰੈਜੂਏਟ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਦੇ ਬਾਵਜੂਦ ਕਾਲਜ ਪੜ੍ਹਨ ਜਾਂਦਾ ਹੈ। ਉਨ੍ਹਾਂ ਨੇ 28 ਸਾਲ ਦੀ ਉਮਰ ਵਿਚ ਆਪਣੇ ਸਕੂਲ ਦੀ ਸਥਾਪਨਾ ਕੀਤੀ ਸੀ। ਉਸ ਸਮੇਂ ਉਹ ਦੇਸ਼ ਦੀਆਂ ਸਭ ਤੋਂ ਨੌਜਵਾਨ ਪਿ੍ਰੰਸੀਪਲਾਂ ਵਿੱਚੋਂ ਇਕ ਸੀ। ਪਿਯਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬੋਸਟਨ ਸਥਿਤ 'ਟੀਚ ਫਾਰ ਅਮੇਰਿਕਾ' ਨਾਲ ਮਿਲ ਕੇ ਕੀਤੀ ਸੀ।