ਵਾਸ਼ਿੰਗਟਨ (ਏਪੀ) : ਅਮਰੀਕਾ ਦੀ ਖ਼ੁਫ਼ੀਆ ਅਧਿਕਾਰੀ ਦਾ ਮੰਨਣਾ ਹੈ ਕਿ ਨਵੰਬਰ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲੇ ਰੂਸ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਏਨਾ ਹੀ ਨਹੀਂ ਕ੍ਰੈਮਲਿਨ ਨਾਲ ਜੁੜੇ ਲੋਕ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੁਬਾਰਾ ਚੋਣ ਜਿੱਤਣਾ ਦੇਖਣਾ ਚਾਹੁੰਦੇ ਹਨ। ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਚੀਨ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਬਣਦੇ ਦੇਖਣਾ ਨਹੀਂ ਚਾਹੁੰਦਾ ਹੈ। ਬੀਜਿੰਗ ਅਮਰੀਕਾ ਵਿਚ ਲੋਕ ਹਿੱਤਕਾਰੀ ਨੀਤੀ ਬਣਾਉਣ ਅਤੇ ਚੀਨ ਦੇ ਹਿੱਤਾਂ ਦੀਆਂ ਵਿਰੋਧੀ ਰਾਜਨੀਤਕ ਹਸਤੀਆਂ 'ਤੇ ਦਬਾਅ ਬਣਾਉਣ ਦੇ ਆਪਣੇ ਯਤਨ ਤੇਜ਼ ਕਰ ਰਿਹਾ ਹੈ।

ਦੇਸ਼ ਦੇ ਖ਼ੁਫ਼ੀਆ ਪ੍ਰਰੋਗਰਾਮ ਦੀ ਰੱਖਿਆ ਕਰਨ ਵਾਲੇ ਨੈਸ਼ਨਲ ਕਾਊਂਟਰ ਇੰਟੈਲੀਜੈਂਸ ਐਂਡ ਸਕਿਓਰਿਟੀ ਸੈਂਟਰ (ਐੱਨਸੀਐੱਸਸੀ) ਦੀ ਮੁਖੀ ਵਿਲੀਅਮ ਇਵਾਨਿਨਾ ਨੇ ਸ਼ੁੱਕਰਵਾਰ ਨੂੰ ਰੂਸ ਦੇ ਸਬੰਧ ਵਿਚ ਇਹ ਬਿਆਨ ਦਿੱਤਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਦੇ ਰੂਸ ਦੇ ਯਤਨਾਂ ਸਬੰਧੀ ਅਮਰੀਕੀ ਖ਼ੁਫ਼ੀਆ ਏਜੰਸੀ ਦਾ ਇਹ ਸਭ ਤੋਂ ਸਪੱਸ਼ਟ ਐਲਾਨ ਹੈ। ਟਰੰਪ ਲਈ ਇਹ ਇਕ ਸੰਵੇਦਨਸ਼ੀਲ ਵਿਸ਼ਾ ਹੈ ਅਤੇ ਉਨ੍ਹਾਂ ਨੇ ਖ਼ੁਫ਼ੀਆ ਏਜੰਸੀ ਦੇ ਇਸ ਆਂਕਲਨ ਨੂੰ ਖ਼ਾਰਜ ਕੀਤਾ ਹੈ ਕਿ ਰੂਸ ਨੇ 2016 ਦੀ ਚੋਣ ਵਿਚ ਉਨ੍ਹਾਂ ਦੀ ਮਦਦ ਦੀ ਕੋਸ਼ਿਸ਼ ਕੀਤੀ ਸੀ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਦੌਰਾਨ ਉਪ ਰਾਸ਼ਟਰਪਤੀ ਰਹੇ ਬਿਡੇਨ ਦੀਆਂ ਯੂਕਰੇਨ ਸਮਰਥਿਤ ਨੀਤੀਆਂ ਕਾਰਨ ਰੂਸ ਉਨ੍ਹਾਂ ਦੇ ਖ਼ਿਲਾਫ਼ ਹੈ।

ਖ਼ੁਫ਼ੀਆ ਅਧਿਕਾਰੀ ਦੇ ਇਸ ਬਿਆਨ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਟਰੰਪ ਨੇ ਸ਼ੁੱਕਰਵਾਰ ਸ਼ਾਮ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰੂਸ ਰਾਸ਼ਟਰਪਤੀ ਅਹੁਦੇ 'ਤੇ ਜਿਸ ਆਖਰੀ ਵਿਅਕਤੀ ਨੂੰ ਦੇਖਣਾ ਚਾਹੇਗਾ, ਉਹ ਡੋਨਾਲਡ ਟਰੰਪ ਹੋਵੇਗਾ ਕਿਉਂਕਿ ਰੂਸ ਖ਼ਿਲਾਫ਼ ਮੇਰੇ ਤੋਂ ਜ਼ਿਆਦਾ ਕਿਸੇ ਨੇ ਸਖ਼ਤੀ ਨਹੀਂ ਵਰਤੀ। ਹਾਲਾਂਕਿ ਉਹ ਇਸ ਗੱਲ ਨਾਲ ਸਹਿਮਤ ਦਿਸੇ ਕਿ ਚੀਨ ਉਨ੍ਹਾਂ ਨੂੰ ਦੁਬਾਰਾ ਰਾਸ਼ਟਰਪਤੀ ਬਣਦੇ ਨਹੀਂ ਦੇਖਣਾ ਚਾਹੁੰਦਾ। ਟਰੰਪ ਨੇ ਕਿਹਾ ਕਿ ਜੇਕਰ ਜੋ ਬਿਡੇਨ ਰਾਸ਼ਟਰਪਤੀ ਹੁੰਦੇ ਤਾਂ ਚੀਨ ਸਾਡੇ ਦੇਸ਼ ਨੂੰ ਚਲਾ ਰਿਹਾ ਹੁੰਦਾ। ਇਵਾਨਿਨਾ ਦੇ ਬਿਆਨ ਤੋਂ ਲਗਪਗ ਤਿੰਨ ਮਹੀਨੇ ਪਹਿਲੇ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਹੋਰ ਐੱਮਪੀਜ਼ ਨੇ ਇਸ ਗੱਲ ਨੂੰ ਲੈ ਕੇ ਆਲੋਚਨਾ ਕੀਤੀ ਸੀ ਕਿ ਖ਼ੁਫ਼ੀਆ ਏਜੰਸੀਆਂ ਅਮਰੀਕੀ ਰਾਜਨੀਤੀ ਵਿਚ ਵਿਦੇਸ਼ੀ ਦਖ਼ਲ ਦੇ ਖ਼ਤਰੇ ਸਬੰਧੀ ਜਾਣਕਾਰੀਆਂ ਲੋਕਾਂ ਤੋਂ ਲੁਕੋ ਰਹੀਆਂ ਹਨ। ਇਵਾਨਿਨਾ ਨੇ ਕਿਹਾ ਕਿ ਅਸੀਂ ਮੁੱਖ ਤੌਰ 'ਤੇ ਚੀਨ, ਰੂਸ ਅਤੇ ਈਰਾਨ ਵੱਲੋਂ ਜਾਰੀ ਹੋਰ ਸੰਭਾਵਿਤ ਸਰਗਰਮੀਆਂ ਤੋਂ ਚਿੰਤਤ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਦੇ ਬਾਵਜੂਦ, ਅਧਿਕਾਰੀਆਂ ਨੂੰ ਇਸ ਗੱਲ ਦੀ ਸੰਭਾਵਨਾ ਨਹੀਂ ਲੱਗਦੀ ਕਿ ਚੋਣ ਨਤੀਜੇ 'ਤੇ ਕੋਈ ਵੀ ਦੇਸ਼ ਖ਼ਾਸ ਫਰਕ ਪਾ ਸਕਦਾ ਹੈ।