ਵਾਸ਼ਿੰਗਟਨ (ਏਜੰਸੀਆਂ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਆਪਣੇ ਸਾਬਕਾ ਮੁੱਖ ਰਣਨੀਤੀਕਾਰ ਸਟੀਵ ਬੈਨਨ ਸਮੇਤ 143 ਲੋਕਾਂ ਨੂੰ ਮਾਫ਼ੀ ਦੇ ਦਿੱਤੀ। 73 ਲੋਕਾਂ ਨੂੰ ਜਿੱਥੇ ਮਾਫ਼ ਕੀਤਾ ਗਿਆ ਹੈ ਉੱਥੇ 70 ਲੋਕਾਂ ਦੀ ਸਜ਼ਾ ਨੂੰ ਘੱਟ ਕੀਤਾ ਗਿਆ ਹੈ। ਹਾਲਾਂਕਿ ਰਾਸ਼ਟਰਪਤੀ ਟਰੰਪ ਨੇ ਖੁਦ ਨੂੰ, ਆਪਣੇ ਪਰਿਵਾਰ ਜਾਂ ਫਿਰ ਆਪਣੇ ਵਕੀਲ ਰੂਡੀ ਗੁਲਿਆਨੀ ਨੂੰ ਮਾਫ਼ੀ ਨਹੀਂ ਦਿੱਤੀ। ਕਈ ਵਾਰੀ ਅਜਿਹੀ ਚਰਚਾ ਸਾਹਮਣੇ ਆਈ ਸੀ ਕਿ ਰਾਸ਼ਟਰਪਤੀ ਖੁਦ ਸਮੇਤ ਆਪਣੇ ਪਰਿਵਾਰ ਨੂੰ ਮਾਫ਼ੀ ਦੇ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਨੂੰ ਸੰਵਿਧਾਨ ਤਹਿਤ ਮਾਫ਼ੀ ਦਾ ਅਧਿਕਾਰ ਮਿਲਿਆ ਹੈ। ਰਾਸ਼ਟਰਪਤੀ ਦੇ ਇਸ ਫ਼ੈਸਲੇ ਦੀ ਸਰਕਾਰ ਦਾ ਕੋਈ ਵੀ ਵਿਭਾਗ ਸਮੀਖਿਆ ਨਹੀਂ ਕਰ ਸਕਦਾ। ਹਾਲਾਂਕਿ ਖ਼ਾਸ ਗੱਲ ਇਹ ਹੈ ਕਿ ਰਾਸ਼ਟਰਪਤੀ ਸਿਰਫ਼ ਸੰਘੀ ਅਪਰਾਧ ਦੇ ਮਾਮਲੇ 'ਚ ਹੀ ਮਾਫੀ ਜਾਂ ਸਜ਼ਾ ਘੱਟ ਕਰ ਸਕਦਾ ਹੈ।

ਟਰੰਪ ਲਈ ਪੈਸੇ ਇਕੱਠੇ ਕਰਨ ਵਾਲੇ ਏਲੀਅਟ ਬ੍ਰਾਊਡੀ ਤੇ ਡੇਟ੍ਰਾਇਟ ਦੇ ਸਾਬਕਾ ਮੇਅਰ ਕਵਾਮ ਕਿਲਪੈਟਿ੍ਕ ਨੂੰ ਵੀ ਮਾਫ਼ੀ ਦਿੱਤੀ ਗਈ ਹੈ। ਕਿਲਪੈਟਿ੍ਕ ਭਿ੍ਸ਼ਟਾਚਾਰ ਦੇ ਦੋਸ਼ਾਂ 'ਚ 28ਸਾਲ ਜੇਲ੍ਹ ਦੀ ਸਜ਼ਾ ਭੁਗਤ ਰਹੇ ਹਨ। ਰੈਪਰ ਲਿਲ ਵਾਏਨ ਤੇ ਕੋਡਕ ਬਲੈਕ ਨੂੰ ਵੀ ਮਾਫ਼ੀ ਦੇ ਦਿੱਤੀ ਗਈ ਹੈ। ਵਾਏਨ ਨੇ ਜਿੱਥੇ ਨਾਜਾਇਜ਼ ਤਰੀਕੇ ਨਾਲ ਹਥਿਆਰ ਰੱਖਣ ਦਾ ਜੁਰਮ ਕਬੂਲ ਕੀਤਾ ਹੈ, ਉੱਥੇ ਬਲੈਕ 'ਤੇ ਹਥਿਆਰ ਖਰੀਦ ਮਾਮਲੇ 'ਚ ਝੂਠਾ ਬਿਆਨ ਦੇਣ ਦਾ ਦੋਸ਼ ਹੈ। ਟਰੰਪ ਇਸ ਤੋੋਂ ਪਹਿਲਾਂ ਵੀ ਆਪਣੇ ਹਮਾਇਤੀਆਂ ਤੇ ਸਹਿਯੋਗੀਆਂ ਨੂੰ ਮਾਫ਼ੀ ਦੇ ਚੁੱਕੇ ਹਨ। ਇਸ ਵਿਚ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਲਿਨ, ਸਾਬਕਾ ਕੈਂਪੇਨ ਮੈਨੇਜਰ ਪਾਲ ਮਨਫੋਰਟ, ਸਾਬਕਾ ਸਲਾਹਕਾਰ ਰੋਜਰ ਸਟੋਨ ਤੇ ਟਰੰਪ ਦੇ ਕੁੜਮ ਚਾਰਲਸ ਕੁਸ਼ਨਰ ਸ਼ਾਮਲ ਹਨ। ਸਟੋਨ ਤੇ ਮੈਨਫਰਟ ਨੂੰ ਮੁਕੱਦਮਾ ਚਲਾਉਣ ਦੇ ਬਾਅਦਦੋਸ਼ੀ ਠਹਿਰਾਇਆ ਗਿਆ ਸੀ। ਫਲਿਨ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਐੱਫਬੀਆਈ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।

ਬੈਨਨ 'ਤੇ ਸੀ ਨਿਵੇਸ਼ਕਾਂ ਨਾਲ ਧੋਖਾਧੜੀ ਦਾ ਦੋਸ਼

ਬੈਨਨ 'ਤੇ ਉਨ੍ਹਾਂ ਹਜ਼ਾਰਾਂ ਨਿਵੇਸ਼ਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਸੀ, ਜਿਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੇ ਪੈਸਿਆਂ ਦੀ ਵਰਤੋਂ ਮੈਕਸੀਕੋ ਨਾਲ ਲੱਗੀ ਦੱਖਣੀ ਸਰਹੱਦ 'ਤੇ ਇਕ ਕੰਧ ਬਣਾਉਣ ਲਈ ਕੀਤਾ ਜਾਵੇਗਾ। ਕੰਧ ਬਣਾਇਆ ਜਾਣਾ ਟਰੰਪ ਦੇ ਪ੍ਰਮੁੱਖ ਚੋਣ ਵਾਅਦਿਆਂ 'ਚੋਂ ਇਕ ਸੀ। ਹਾਲਾਂਕਿ ਬੈਨਨ ਨੇ ਇਨ੍ਹਾਂ ਪੈਸਿਆਂ ਦੀ ਵਰਤੋਂ ਕਥਿਤ ਤੌਰ 'ਤੇ ਚੋਣ ਮੁਹਿੰਮ 'ਚ ਸ਼ਾਮਲ ਇਕ ਅਧਿਕਾਰੀ ਦੀ ਤਨਖ਼ਾਹ ਦੇਣ ਤੇ ਨਿੱਜੀ ਕੰਮਾਂ ਲਈ ਕੀਤੀ।