ਵਾਸ਼ਿੰਗਟਨ (ਏਜੰਸੀਆਂ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਖਰਕਾਰ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਸੱਤਾ ਸੌਂਪਣ ਲਈ ਤਿਆਰ ਹੋ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਸੱਤਾ ਟਰਾਂਸਫਰ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਹੈ। ਹਾਲਾਂਕਿ ਟਰੰਪ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਉਹ ਲੜਾਈ ਜਾਰੀ ਰੱਖਣਗੇ ਤੇ ਜਿੱਤ ਹਾਸਲ ਕਰਨਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਜਨਰਲ ਸਰਵਿਸਿਜ਼ ਐਡਮਿਨਿਸਟ੍ਰੇਸ਼ਨ (ਜੀਐੱਸਏ) ਦੇ ਮੁਖੀ ਐਮਿਲੀ ਮਰਫੀ ਨੇ ਬਾਇਡਨ ਨੂੰ ਚਿੱਠੀ ਲਿਖ ਕੇ ਸੂਚਿਤ ਕੀਤਾ ਸੀ ਕਿ ਟਰੰਪ ਪ੍ਰਸ਼ਾਸਨ ਰਸਮੀ ਤੌਰ 'ਤੇ ਸੱਤਾ ਟਰਾਂਸਫਰ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਤਿਆਰ ਹੈ।

ਦੱਸਣਯੋਗ ਹੈ ਕਿ ਅਮਰੀਕਾ 'ਚ ਤਿੰਨ ਨਵੰਬਰ ਨੂੰ ਹੋਈਆਂ ਚੋਣਾਂ 'ਚ ਰਾਸ਼ਟਰਪਤੀ ਅਹੁਦੇ ਲਈ ਬਾਇਡਨ ਤੇ ਉਪ ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਨੂੰ ਜੇਤੂ ਐਲਾਨਿਆ ਹੈ। ਹਾਲਾਂਕਿ ਟਰੰਪ ਨੇ ਹਾਲੇ ਤਕ ਆਪਣੀ ਹਾਰ ਸਵੀਕਾਰ ਨਹੀਂ ਕੀਤੀ ਹੈ। ਟਰੰਪ ਕੈਂਪੇਨ ਨੇ ਚੋਣ ਪ੍ਰਕਿਰਿਆ 'ਚ ਪ੍ਰਕਿਰਿਆ 'ਚ ਗੜਬੜੀ ਤੇ ਧੋਖਾਧੜੀ ਦੇ ਕਈ ਮੁਕੱਦਮੇ ਦਰਜ ਕਰਵਾਏ ਹਨ, ਜਿਨ੍ਹਾਂ 'ਚੋਂ ਕਈਆਂ ਨੂੰ ਅਦਾਲਤਾਂ ਖਾਰਜ ਵੀ ਕਰ ਚੁੱਕੀਆਂ ਹਨ। ਮਰਫੀ ਵੱਲੋਂ ਬਾਇਡਨ ਨੂੰ ਲਿਖੇ ਪੱਤਰ ਮਗਰੋਂ ਟਰੰਪ ਨੇ ਟਵੀਟ ਕਰਦਿਆਂ ਕਿਹਾ, 'ਦੇਸ਼ ਹਿੱਤ 'ਚ ਮੈਂ ਐਮਿਲੀ ਤੇ ਉਨ੍ਹਾਂ ਦੇ ਦਲ ਨੂੰ ਸ਼ੁਰੂਆਤੀ ਪ੍ਰਰੋਟੋਕਾਲ ਸਬੰਧੀ ਜੋ ਕੀਤਾ ਜਾਣਾ ਚਾਹੀਦਾ ਹੈ, ਉਸ ਨੂੰ ਕਰਨ ਦਾ ਸੁਝਾਅ ਦਿੰਦਾ ਹਾਂ। ਮੈਂ ਆਪਣੀ ਟੀਮ ਨੂੰ ਵੀ ਇਹੀ ਕਿਹਾ ਹੈ।' ਟਰੰਪ ਨੇ ਆਪਣੇ ਇਕ ਹੋਰ ਟਵੀਟ 'ਚ ਕਿਹਾ, 'ਮੈਂ ਜੀਐੱਸਏ ਦੀ ਐਮਿਲੀ ਮਰਫੀ ਦਾ ਦੇਸ਼ ਪ੍ਰਤੀ ਉਨ੍ਹਾਂ ਦੇ ਸਮਰਪਣ ਲਈ ਧੰਨਵਾਦ ਦੇਣਾ ਚਾਹੁੰਦਾ ਹਾਂ। ਉਨ੍ਹਾਂ ਨੂੰ ਪਰੇਸ਼ਾਨ ਕੀਤਾ ਗਿਆ, ਧਮਕਾਇਆ ਗਿਆ ਤੇ ਗਾਲ੍ਹਾਂ ਕੱਢੀਆਂ ਗਈਆਂ। ਮੈਂ ਨਹੀਂ ਚਾਹੁੰਦਾ ਕਿ ਇਹ ਉਨ੍ਹਾਂ, ਉਨ੍ਹਾਂ ਦੇ ਪਰਿਵਾਰ ਜਾਂ ਜੀਐੱਸਏ ਦੇ ਕਿਸੇ ਵੀ ਮੁਲਾਜ਼ਮ ਨਾਲ ਹੋਵੇ। ਸਾਡੀ ਲੜਾਈ ਜਾਰੀ ਰਹੇਗੀ ਤੇ ਮੈਨੂੰ ਭਰੋਸਾ ਹੈ ਕਿ ਅਸੀਂ ਜਿੱਤਾਂਗੇ।