ਵਾਸ਼ਿੰਗਟਨ (ਏਜੰਸੀਆਂ) : ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਚੋਣ ਪ੍ਰਚਾਰ ਦੇ ਆਖ਼ਰੀ ਹਫ਼ਤੇ 'ਚ ਡੋਨਾਲਡ ਟਰੰਪ ਅਤੇ ਜੋ ਬਿਡੇਨ ਵਿਚਾਲੇ ਪ੍ਰਚਾਰ ਜੰਗ ਤੇਜ਼ ਹੋ ਗਈ ਹੈ। ਇਕ-ਦੂਜੇ 'ਤੇ ਸਿੱਧਾ ਨਿਸ਼ਾਨਾ ਲਾਇਆ ਜਾ ਰਿਹਾ ਹੈ। ਦੇਸ਼ 'ਚ ਤੇਜ਼ੀ ਨਾਲ ਵੱਧ ਰਿਹਾ ਕੋਰੋਨਾ ਵੀ ਮੁੱਦਾ ਬਣਿਆ ਹੋਇਆ ਹੈ। ਹਾਲ ਹੀ 'ਚ ਮਾਮਲੇ ਵਧਣ ਕਾਰਨ ਬਿਡੇਨ ਟਰੰਪ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ।

ਅਮਰੀਕਾ 'ਚ ਕੋਰੋਨਾ ਦੇ ਮਾਮਲੇ ਇਕ ਵਾਰ ਫਿਰ ਰਿਕਾਰਡ ਪੱਧਰ 'ਤੇ ਆ ਗਏ ਹਨ। ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਪ੍ਰਮੁੱਖ ਸਹਿਯੋਗੀ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਵੀ ਉਹ ਚੋਣ ਪ੍ਰਚਾਰ ਵਿਚ ਲੱਗੇ ਹੋਏ ਹਨ। ਬਿਡੇਨ ਨੇ ਟਰੰਪ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਕੋਰੋਨਾ ਦੇ ਅੱਗੇ ਆਤਮਸਮਰਪਣ ਕਰ ਦਿੱਤਾ ਹੈ। ਹੁਣ ਤਕ ਸਵਾ ਦੋ ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਦੋਵੇਂ ਹੀ ਉਮੀਦਵਾਰਾਂ ਦੇ ਦੌਰੇ ਅਤੇ ਰੈਲੀਆਂ ਤੇਜ਼ ਹੋ ਗਈਆਂ ਹਨ। ਸੋਮਵਾਰ ਨੂੰ ਟਰੰਪ ਨੇ ਪੈਨਸਿਲਵੇਨੀਆ ਵਿਚ ਕਈ ਰੈਲੀਆਂ ਕੀਤੀਆਂ।

ਉਧਰ, ਬਿਡੇਨ ਸੋਮਵਾਰ ਨੂੰ ਆਪਣੇ ਗ੍ਰਹਿ ਖੇਤਰ ਡੇਲਾਵੇਅਰ 'ਚ ਰਹੇ। ਦੋ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਤੇਜ਼ੀ ਆਉਣ ਕਾਰਨ ਬਿਡੇਨ ਆਪਣੇ ਭਾਸ਼ਣਾਂ 'ਚ ਟਰੰਪ 'ਤੇ ਸਿੱਧਾ ਨਿਸ਼ਾਨਾ ਲਾ ਰਹੇ ਹਨ। ਉਹ ਵੋਟਰਾਂ ਨੂੰ ਸਮਝਾ ਰਹੇ ਹਨ ਕਿ ਕਿਸ ਤਰ੍ਹਾਂ ਨਾਲ ਟਰੰਪ ਮਹਾਮਾਰੀ ਵਿਚ ਨਿਯਮਾਂ ਦਾ ਪਾਲਣ ਨਾ ਕਰਵਾਉਂਦੇ ਹੋਏ ਖਿਲਵਾੜ ਕਰ ਰਹੇ ਹਨ।

ਰੂਸ ਸਾਡੀ ਸੁਰੱਖਿਆ ਨੂੰ ਸਭ ਤੋਂ ਵੱਡਾ ਖ਼ਤਰਾ : ਬਿਡੇਨ

ਵਾਸ਼ਿੰਗਟਨ : ਅਮਰੀਕੀ ਚੋਣ 'ਚ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਉਮੀਦਵਾਰ ਜੋ ਬਿਡੇਨ ਨੇ ਇਕ ਇੰਟਰਵਿਊ ਵਿਚ ਕਿਹਾ ਹੈ ਕਿ ਸਾਡੀ ਸੁਰੱਖਿਆ ਨੂੰ ਸਭ ਤੋਂ ਵੱਡਾ ਖ਼ਤਰਾ ਰੂਸ ਤੋਂ ਹੈ ਅਤੇ ਸਭ ਤੋਂ ਵੱਡਾ ਮੁਕਾਬਲੇਬਾਜ਼ ਚੀਨ ਹੈ। ਹੁਣ ਇਹ ਸਾਡੇ ਉੱਪਰ ਹੈ ਕਿ ਅਸੀਂ ਉਸ ਨਾਲ ਮੁਕਾਬਲੇਬਾਜ਼ੀ ਕਰੀਏ ਜਾਂ ਆਪਣੀ ਤਾਕਤ ਵਧਾ ਕੇ ਉਸ ਨੂੰ ਖ਼ਤਮ ਕਰ ਦੇਈਏ। ਦੱਸਣਯੋਗ ਹੈ ਕਿ ਪ੍ਰਰੈਜ਼ੀਡੈਂਸ਼ੀਅਲ ਡਿਬੇਟ 'ਚ ਰਿਪਬਲਿਕਨ ਉਮੀਦਵਾਰ ਟਰੰਪ ਨੇ ਬਿਡੇਨ 'ਤੇ ਰੂਸ ਦੇ ਰਾਸ਼ਟਰਪਤੀ ਵੱਲੋਂ ਭੇਜੇ ਗਏ ਸਾਢੇ ਤਿੰਨ ਮਿਲੀਅਨ ਡਾਲਰ ਲੈਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਦੇ ਪੁੱਤਰ 'ਤੇ ਵੀ ਮਾਸਕੋ ਦੇ ਸਾਬਕਾ ਮੇਅਰ ਦੀ ਪਤਨੀ ਨਾਲ ਵਪਾਰ ਕਰਨ ਦੇ ਦੋਸ਼ ਵੀ ਲਾਏ। ਬਿਡੇਨ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਉਲਟੇ ਰੂਸ 'ਤੇ ਦੋਸ਼ ਲਾਇਆ ਸੀ ਕਿ ਉਹ ਨਵੰਬਰ ਦੀ ਚੋਣ ਵਿਚ ਉਨ੍ਹਾਂ ਨੂੰ ਜਿੱਤਣ ਨਹੀਂ ਦੇਣਾ ਚਾਹੁੰਦਾ।

ਰੂਸ ਨੇ ਬਿਡੇਨ ਦੇ ਦੋਸ਼ਾਂ ਦਾ ਕੀਤਾ ਖੰਡਨ

ਅਮਰੀਕਾ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਦੱਸਣ 'ਤੇ ਰੂਸ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਕ੍ਰੈਮਲਿਨ ਬੁਲਾਰੇ ਦਿਮਿਤਰੀ ਪੈਸਕੋਵ ਨੇ ਕਿਹਾ ਹੈ ਕਿ ਜੋ ਬਿਡੇਨ ਨਫ਼ਰਤ ਫੈਲਾਉਣ ਨੂੰ ਉਤਸ਼ਾਹ ਦੇ ਰਹੇ ਹਨ। 2016 ਦੀ ਚੋਣ ਵਿਚ ਰੂਸ 'ਤੇ ਟਰੰਪ ਨੂੰ ਸਮਰਥਨ ਦੇਣ ਦੇ ਝੂਠੇ ਦੋਸ਼ ਲੱਗੇ ਸਨ, ਇਸੇ ਲਈ ਬਿਡੇਨ ਅਜਿਹੀ ਗੱਲ ਕਰ ਰਹੇ ਹਨ।