ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਵਿਚ ਮਰਹੂਮ ਭਾਰਤਵੰਸ਼ੀ ਪੁਲਿਸ ਅਧਿਕਾਰੀ ਰੋਨਿਲ ਸਿੰਘ ਦੇ ਭਰਾ ਰੇਗੀ ਸਿੰਘ ਨੇ ਸੀਮਾ ਸੁਰੱਖਿਆ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯਤਨਾਂ ਦਾ ਸਮੱਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਵੀ ਮੈਕਸੀਕੋ ਸੀਮਾ 'ਤੇ ਦੀਵਾਰ ਬਣਾਏ ਜਾਣ ਦੇ ਪੱਖ ਵਿਚ ਹਾਂ। ਮੈਂ ਨਹੀਂ ਚਾਹੁੰਦਾ ਕਿ ਮੇਰੇ ਪਰਿਵਾਰ ਨਾਲ ਜੋ ਹੋਇਆ ਉਹ ਹੋਰ ਕਿਸੇ ਨਾਲ ਹੋਵੇ। ਨਿਊਮੈਨ ਪੁਲਿਸ ਵਿਭਾਗ ਦੇ ਕਾਰਪੋਰਲ ਰੋਨਿਲ ਸਿੰਘ ਦੀ 26 ਦਸੰਬਰ ਨੂੰ ਅਮਰੀਕਾ ਵਿਚ ਨਾਜਾਇਜ਼ ਰੂਪ ਨਾਲ ਰਹਿ ਰਹੇ ਮੈਕਸੀਕੋ ਦੇ ਇਕ ਨਾਗਰਿਕ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਟਰੰਪ ਦੀਵਾਰ ਬਣਾਉਣ ਦੀ ਲੋੜ 'ਤੇ ਜ਼ੋਰ ਦੇਣ ਲਈ ਕਈ ਵਾਰ ਇਸ ਹਾਦਸੇ ਦਾ ਜ਼ਿਕਰ ਕਰ ਚੁੱਕੇ ਹਨ।

ਟਰੰਪ ਨੇ ਵੀਰਵਾਰ ਨੂੰ ਟੈਕਸਾਸ ਵਿਚ ਸੀਮਾ 'ਤੇ ਗਸ਼ਤ ਕਰਨ ਵਾਲੇ ਸੁਰੱਖਿਆ ਕਰਮੀਆਂ ਦੀ ਰਾਊਂਡ ਟੇਬਲ ਮੀਟਿੰਗ ਵਿਚ ਵੀ ਦੀਵਾਰ ਬਣਾਉਣ ਦੀ ਮੰਗ ਉਠਾਈ। ਇਸ ਮੀਟਿੰਗ ਵਿਚ ਰੇਗੀ ਸਿੰਘ ਉਨ੍ਹਾਂ ਦੇ ਨਾਲ ਬੈਠੇ ਸਨ। ਸਿੰਘ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਸੁਰੱਖਿਆ ਮੁਲਾਜ਼ਮ ਦੇ ਨਾਲ ਅਜਿਹਾ ਹੋਵੇ। ਇਸ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਣਾ ਚਾਹੀਦਾ ਹੈ। ਮੇਰਾ ਪਰਿਵਾਰ ਇਸ ਦੇ ਸਮੱਰਥਨ ਵਿਚ ਹੈ।