ਵਾਸ਼ਿੰਗਟਨ (ਏਜੰਸੀ) : ਪਿਛਲੇ ਸਾਲ 27 ਨਵੰਬਰ ਨੂੰ ਈਰਾਨ ਦੇ ਪਰਮਾਣੂ ਵਿਗਿਆਨੀ ਮੋਹਸਿਨ ਫਖਰੀਜਾਦੇਹ ਨੂੰ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਮੋਸਾਦ ਨੇ ਨਿਸ਼ਾਨਾ ਬਣਾਇਆ ਸੀ। ਫਖਰੀਜਾਦੇਹ ਦੀ ਮੌਤ ਨਾਲ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਵੱਡਾ ਝਟਕਾ ਲੱਗਿਆ ਸੀ।

ਪਰਮਾਣੂ ਵਿਗਿਆਨੀ ਦੀ ਮੌਤ ਤੋਂ ਬਾਅਦ ਤੋਂ ਹੀ ਇਸ ਬਾਰੇ ਵੱਖ-ਵੱਖ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਕਿ ਮੋਸਾਦ ਨੇ ਮੁਹਿੰਮ ਲਈ ਕੀ ਤਰੀਕਾ ਅਪਣਾਇਆ ਹੈ। ਕੁਝ ਖ਼ਬਰਾਂ ’ਚ ਕਿਹਾ ਗਿਆ ਕਿ ਬੰਦੂਕਧਾਰੀਆਂ ਦੇ ਇਕ ਦਲ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਸੀ। ਹੁਣੇ ਜਿਹੇ ਇਕ ਰਿਪੋਰਟ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਅਸਲ ’ਚ ਮੋਸਾਦ ਨੇ ਇਸ ਮੁਹਿੰਮ ਲਈ ਰੋਬੋਟ ਦਾ ਇਸਤੇਮਾਲ ਕੀਤਾ ਸੀ। ਪੂਰੀ ਮੁਹਿੰਮ ਨੂੰ ਰਿਮੋਟ ਰਾਹੀਂ ਚਲਾਇਆ ਗਿਆ ਸੀ। ਇਜ਼ਰਾਈਲ ਕਈ ਸਾਲਾਂ ਤੋਂ ਫਖਰੀਜਾਦੇਹ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਕਾਮਯਾਬੀ ਨਹੀਂ ਮਿਲ ਸਕੀ ਸੀ। ਇਸ ਦੌਰਾਨ ਜਦੋਂ ਅਮਰੀਕਾ ਨੇ ਈਰਾਨ ਨਾਲ ਪਰਮਾਣੂ ਹਥਿਆਰਬੰਦੀ ਦੀ ਗੱਲਬਾਤ ਸ਼ੁਰੂ ਕੀਤੀ, ਤਾਂ ਇਜ਼ਰਾਈਲ ਨੇ ਇਸ ਮੁਹਿੰਮ ਨੂੰ ਰੋਕ ਦਿੱਤਾ ਸੀ। ਬਾਅਦ ’ਚ ਈਰਾਨ ਨਾਲ ਹੋਏ ਸਮਝੌਤੇ ਤੋਂ ਅਮਰੀਕਾ ਦੇ ਬਾਹਰ ਜਾਣ ਤੋਂ ਬਾਅਦ ਮੋਸਾਦ ਨੇ ਫਿਰ ਫਖੀਰਜਾਦੇਹ ਨੂੰ ਮਾਰਨ ਦੀ ਤਿਆਰੀ ਸ਼ੁਰੂ ਕੀਤੀ। ਇਸ ਵਾਰ ਵਿਸ਼ੇਸ਼ ਮਸ਼ੀਨ ਤਿਆਰ ਕੀਤੀ ਗਈ ਸੀ। ਇਸ ਨੂੰ ਟੁਕੜਿਆਂ ’ਚ ਈਰਾਨ ਪਹੁੰਚਾਇਆ ਗਿਆ ਤੇ ਉੱਥੇ ਹੀ ਤਿਆਰ ਕੀਤਾ ਗਿਆ। ਫਖਰੀਜਾਦੇਹ ’ਤੇ ਹਮਲੇ ਦੇ ਫ਼ੌਰੀ ਬਾਅਦ ਉਸ ਟਰੱਕ ਨੂੰ ਵੀ ਮੋਸਾਦ ਨੇ ਧਮਾਕੇ ’ਚ ਉਡਾ ਦਿੱਤਾ ਸੀ, ਜਿਸ ਤੋਂ ਮਸ਼ੀਨ ਜ਼ਰੀਏ ਨਿਸ਼ਾਨਾ ਲਾਇਆ ਗਿਆ ਸੀ। ਇਸ ਨਾਲ ਕਿਸੇ ਵੀ ਤਰ੍ਹਾਂ ਦਾ ਸਬੂਤ ਨਹੀਂ ਮਿਲ ਸਕਿਆ। ਅਜਿਹੀਆਂ ਮੁਹਿੰਮਾਂ ਲਈ ਰਿਮੋਟ ਕੰਟਰੋਲ ਨਾਲ ਚੱਲਣ ਵਾਲੀਆਂ ਮਸ਼ੀਨਾਂ ਦੇ ਇਸਤੇਮਾਲ ਨੇ ਮੋਸਾਦ ਦੀ ਤਾਕਤ ਕਾਫ਼ੀ ਵਧਾ ਦਿੱਤੀ ਹੈ।

Posted By: Jatinder Singh